- ਆਪਣੀ ਪਤਨੀ ਨੂੰ ਤਿੰਨ ਸਾਲ ਪਹਿਲਾਂ ਛੱਡ ਕੇ Jana Armstrong ਨਾਲ ਰਹਿਣ ਲੱਗ ਪਿਆ ਸੀ ਧਰਮਿੰਦਰ ਸਿੰਘ
- ਹੁਣ ਸਮਾਜਿਕ ਗੁੱਸੇ ਅਤੇ ਡਰ ਦੇ ਸਾਏ ਹੇਠ ਜੀ ਰਹੇ ਨੇ ਧਰਮਿੰਦਰ ਸਿੰਘ ਦੀ ਪਤਨੀ ਅਤੇ ਬੱਚੇ
ਮੈਲਬਰਨ : Jana Armstrong (30) ਦਾ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਧਰਮਿੰਦਰ ਸਿੰਘ ਦੀ ਪਹਿਲੀ ਪਤਨੀ ਨੇ ਮੀਡੀਆ ਸਾਹਮਣੇ ਆਪਣਾ ਦਰਦ ਬਿਆਨ ਕੀਤਾ ਹੈ। ਹੰਝੂ ਵਹਾਉਂਦੇ ਹੋਏ ਉਸ ਨੇ ਦੱਸਿਆ ਕਿ ਧਰਮਿੰਦਰ ਸਿੰਘ ਲਗਭਗ ਤਿੰਨ ਸਾਲ ਪਹਿਲਾਂ ਉਸ ਨੂੰ ਅਤੇ ਆਪਣੇ ਦੋ ਬੱਚਿਆਂ ਨੂੰ ਛੱਡ ਕੇ Jana Armstrong ਨਾਲ ਰਹਿਣ ਚਲਾ ਗਿਆ ਸੀ। ਪਤਨੀ ਨੇ ਕਿਹਾ ਕਿ ਜਦੋਂ ਤੱਕ Jana Armstrong ਉਨ੍ਹਾਂ ਦੀ ਜ਼ਿੰਦਗੀ ਵਿੱਚ ਨਹੀਂ ਆਈ ਸੀ, ਉਨ੍ਹਾਂ ਦਾ ਪਰਿਵਾਰ ਬਹੁਤ ਖੁਸ਼ ਸੀ। ਪਰ ਧਰਮਿੰਦਰ ਸਿੰਘ ਦੇ ਜਾਣ ਤੋਂ ਬਾਅਦ ਸਭ ਕੁਝ ਬਦਲ ਗਿਆ। ਹੁਣ ਉਹ ਅਤੇ ਉਸ ਦੇ ਬੱਚੇ ਸਮਾਜਿਕ ਗੁੱਸੇ ਅਤੇ ਡਰ ਦੇ ਸਾਏ ਹੇਠ ਜੀ ਰਹੇ ਹਨ।
ਪੁਲਿਸ ਮੁਤਾਬਕ, ਮੁਲਜ਼ਮ ਧਰਮਿੰਦਰ ਸਿੰਘ ਨੇ ਬਹਿਸ ਤੋਂ ਬਾਅਦ Jana Armstrong ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਉਸ ਦੀ ਲਾਸ਼ ਨੂੰ ਕੁਈਨਜ਼ਲੈਂਡ ਦੇ Toowoomba ’ਚ ਇੱਕ ਪਹਾੜੀ ਤੋਂ ਹੇਠਾਂ ਸੁੱਟ ਦਿੱਤਾ। Jana Armstrong, ਜੋ ਕਿ ਪੇਸ਼ੇ ਤੋਂ ਇੱਕ ਕੇਅਰ ਵਰਕਰ ਸੀ, ਪਿਛਲੇ ਕੁਝ ਦਿਨਾਂ ਤੋਂ ਲਾਪਤਾ ਸੀ ਅਤੇ ਉਸ ਦੀ ਲਾਸ਼ ਝਾੜੀਆਂ ਵਿੱਚੋਂ ਬਰਾਮਦ ਹੋਈ ਸੀ।
Dailymail ਨੂੰ ਦਿੱਤੇ ਬਿਆਨ ’ਚ ਧਰਮਿੰਦਰ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਹ ਅਪਾਹਜ ਲੋਕਾਂ ਨੂੰ ਵੀਲ੍ਹ ਚੇਅਰ ਸਮੇਤ ਆਪਣੀ ਟੈਕਸੀ ’ਚ ਲੈ ਕੇ ਜਾਂਦਾ ਹੁੰਦਾ ਸੀ, ਅਤੇ ਕੇਅਰ ਵਰਕਰ ਉਸ ਦੀ ਗੱਡੀ ’ਚ ਉਸ ਨਾਲ ਸਾਹਮਣੇ ਵਾਲੀ ਸੀਟ ’ਤੇ ਬੈਠਦੇ ਹੁੰਦੇ ਸਨ। ਇਸੇ ਤਰ੍ਹਾਂ ਉਹ Jana Armstrong ਨੂੰ ਮਿਲਿਆ ਸੀ। ਧਰਮਿੰਦਰ ਸਿੰਘ ਅਤੇ Jana Armstrong ਦੇ ਚਾਰ ਮਹੀਨਿਆਂ ਦੇ ਪੁੱਤਰ Deshal ਦੀ ਦੇਖਭਾਲ ਹੁਣ Jana Armstrong ਦੀ ਭੈਣ Faith Isaacs ਅਤੇ ਉਸ ਦਾ ਪਾਰਟਨਰ ਕਰ ਰਹੇ ਹਨ। Faith Isaacs ਨੇ ਭਾਵੁਕ ਹੁੰਦੇ ਹੋਏ ਵਾਅਦਾ ਕੀਤਾ ਹੈ ਕਿ ਉਹ ਇਸ ਬੱਚੇ ਨੂੰ ਉਸੇ ਤਰ੍ਹਾਂ ਪਾਲੇਗੀ ਜਿਵੇਂ ਉਸ ਦੀ ਮਾਂ ਚਾਹੁੰਦੀ ਸੀ।
ਅਦਾਲਤ ਵਿੱਚ ਪੇਸ਼ੀ ਦੌਰਾਨ ਧਰਮਿੰਦਰ ਸਿੰਘ ਦੇ ਵਕੀਲ Ramli Salehkon ਨੇ ਕਿਹਾ ਕਿ ਉਨ੍ਹਾਂ ਦਾ ਮੁਵੱਕਿਲ ਖੁਦ ਨੂੰ ਬੇਕਸੂਰ ਦੱਸਦਾ ਹੈ ਅਤੇ ਉਹ ਇਸ ਕੇਸ ਦਾ ਸਾਹਮਣਾ ਕਰੇਗਾ। ਕਤਲ ਦੇ ਦੋਸ਼ਾਂ ਤੋਂ ਇਲਾਵਾ, ਧਰਮਿੰਦਰ ਸਿਘ ’ਤੇ ਇੱਕ ਗੱਡੀ ਨੂੰ ਅੱਗ ਲਗਾਉਣ (arson) ਅਤੇ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦੇ ਵੀ ਦੋਸ਼ ਲੱਗੇ ਹਨ। ਅਦਾਲਤ ਨੇ ਉਸ ਨੂੰ ਹਿਰਾਸਤ ਵਿੱਚ ਰੱਖਣ ਦੇ ਹੁਕਮ ਦਿੱਤੇ ਹਨ ਅਤੇ ਅਗਲੀ ਸੁਣਵਾਈ 1 ਅਕਤੂਬਰ ਨੂੰ ਹੋਵੇਗੀ।
