ਮੈਲਬਰਨ : ਐਡੀਲੇਡ ਦੀ ਆਟੋਮੋਟਿਵ ਕੰਪਨੀ U Pull It ਨੂੰ ਕਰਮਚਾਰੀਆਂ ਨੂੰ ਖਾਣ-ਪੀਣ ਲਈ ਲੋੜੀਂਦਾ ਬ੍ਰੇਕ ਨਾ ਦੇਣ ਦੇ ਦੋਸ਼ ਵਿੱਚ 25,000 ਡਾਲਰ ਦਾ ਜੁਰਮਾਨਾ ਕੀਤਾ ਗਿਆ ਹੈ। South Australian Employment Tribunal (SAET) ਦੇ ਫੈਸਲੇ ਅਨੁਸਾਰ, ਇੱਕ ਮੋਟਰ ਮਕੈਨਿਕ ਨੂੰ ਵੀਕੈਂਡ ਅਤੇ ਪਬਲਿਕ ਹੋਲੀਡੇਅਸ ’ਤੇ ਨੌਂ ਘੰਟੇ ਦੀ ਸ਼ਿਫਟ ਦੌਰਾਨ ਵਰਕਸਾਈਟ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ। ਉਸ ਨੂੰ ਰੋਸਟਰਡ ਮੀਲ ਬ੍ਰੇਕ ਨਹੀਂ ਮਿਲਦੀ ਸੀ ਅਤੇ ਜ਼ਿਆਦਾਤਰ ਖਾਣਾ ਆਪਣੇ ਵਰਕਸਟੇਸ਼ਨ ’ਤੇ ਬੈਠ ਕੇ ਹੀ ਖਾਣਾ ਪੈਂਦਾ ਸੀ। ਲਗਾਤਾਰ ਖੜ੍ਹੇ ਰਹਿ ਕੇ ਕੰਮ ਕਰਨ ਕਾਰਨ ਕਰਮਚਾਰੀ ਨੂੰ ਜੋੜਾਂ ਦੇ ਦਰਦ ਅਤੇ ਸਰੀਰਕ ਤਕਲੀਫ ਦਾ ਸਾਹਮਣਾ ਕਰਨਾ ਪਿਆ।
ਟ੍ਰਿਬਿਊਨਲ ਨੇ ਇਹ ਵੀ ਪਾਇਆ ਕਿ U Pull It ਅਤੇ Motor Trade Association (MTA) ਨੇ ਕਰਮਚਾਰੀ ਨੂੰ ਕਾਨੂੰਨੀ ਕਾਰਵਾਈ ਵਾਪਸ ਲੈਣ ਅਤੇ ਗੁਪਤ ਸ਼ਰਤਾਂ ਵਾਲਾ ਵਿੱਤੀ ਆਫਰ ਸਵੀਕਾਰ ਕਰਨ ਲਈ ਡਰਾਉਣ ਅਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਡਿਪਟੀ ਪ੍ਰੈਜ਼ੀਡੈਂਟ Stephen Lieschke ਨੇ ਕੰਪਨੀ ਦੀ ਮਾਫੀ ਨੂੰ ਖੋਖਲਾ ਦੱਸਿਆ ਕਿਉਂਕਿ ਉਹ ਅਜੇ ਵੀ ਆਪਣੀ ਲੀਗਲ ਕਾਸਟ ਵਾਲੀ ਧਮਕੀ ਦੀ ਨੀਤੀ ਦਾ ਬਚਾਅ ਕਰ ਰਹੇ ਸਨ।
ਕੰਪਨੀ ਦੇ ਜਨਰਲ ਮੈਨੇਜਰ Christopher Goode ਨੇ ਦੱਸਿਆ ਕਿ ਹੁਣ ਮੀਲ ਬ੍ਰੇਕ ਪਾਲਿਸੀ ਵਿੱਚ ਬਦਲਾਅ ਕਰ ਕੇ ਸਟਾਫ ਨੂੰ 30 ਮਿੰਟ ਦੀ ਲੰਚ ਬ੍ਰੇਕ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਪ੍ਰਭਾਵਿਤ ਹੋਏ ਪੰਜ ਹੋਰ ਪੁਰਾਣੇ ਵਰਕਰਾਂ ਨੂੰ ਵੀ ਲੰਪ-ਸਮ ਭੁਗਤਾਨ ਕੀਤਾ ਗਿਆ ਹੈ। ਟ੍ਰਿਬਿਊਨਲ ਨੇ ਕੰਪਨੀ ਨੂੰ ਇਹ 25,000 ਡਾਲਰ ਦਾ ਜੁਰਮਾਨਾ ਸਿੱਧਾ ਪੀੜਤ ਵਰਕਰ ਨੂੰ ਦੇਣ ਦਾ ਹੁਕਮ ਦਿੱਤਾ ਹੈ।
