ਮੈਲਬਰਨ : ਚੀਨ ਵਿੱਚ ਇੱਕ ਰੋਂਦੀ ਸ਼ਕਲ ਵਾਲਾ ਘੋੜਾ (Crying horse toy) ਅੱਜਕੱਲ੍ਹ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਿਹਾ ਹੈ। ਇਹ “ਰੋਂਦਾ ਘੋੜਾ” ਸਿਰਫ਼ ਇੱਕ ਖਿਡੌਣਾ ਨਹੀਂ, ਬਲਕਿ ਚੀਨ ਦੇ ਨੌਜਵਾਨਾਂ ਦੀਆਂ ਭਾਵਨਾਵਾਂ ਦਾ ਦਰਪਣ ਬਣ ਗਿਆ ਹੈ। “ਰੋਂਦਾ ਘੋੜਾ” ਨਾਮਕ ਇਹ ਖਿਡੌਣਾ ਅਸਲ ਵਿੱਚ ਨਿਰਮਾਣ ਦੌਰਾਨ ਗਲਤੀ ਨਾਲ ਬਣ ਗਿਆ ਸੀ, ਜਦੋਂ Yiwu ਸਥਿਤ ਇੱਕ ਖਿਡੌਣਿਆਂ ਦੀ ਦੁਕਾਨ Happy Sister ਦੀ ਮਾਲਕਣ Zhang Huoqing ਦੀ ਵਰਕਰ ਨੇ ਗ਼ਲਤੀ ਨਾਲ ਇੱਕ ਖਿਡੌਣੇ ’ਤੇ ਘੋੜੇ ਦਾ ਮੂੰਹ ਉਲਟਾ ਸਿਉਂ ਦਿੱਤਾ ਅਤੇ ਮੁਸਕਰਾਹਟ ਦੀ ਥਾਂ ਇਹ ਖਿਡੌਣਾ ਰੋਣ ਵਾਲੇ ਚਿਹਰੇ ਨਾਲ ਸਾਹਮਣੇ ਆਇਆ।
ਗ਼ਲਤੀ ਪਤਾ ਲੱਗਣ ’ਤੇ Zhang Huoqing ਨੇ ਇਸ ਖਿਡੌਣੇ ਨੂੰ ਖ਼ਰੀਦਣ ਵਾਲੇ ਵਿਅਕਤੀ ਨੂੰ ਰੀਫ਼ੰਡ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਰੀਫ਼ੰਡ ਨਾ ਲੈ ਕੇ ਖਿਡੌਣਾ ਰੱਖ ਲਿਆ। Zhang Huoqing ਨੂੰ ਲੱਗਾ ਕਿ ਇਹ ਖਿਡੌਣਾ ਸ਼ਾਇਦ ਇਸੇ ਰੂਪ ’ਚ ਲੋਕਾਂ ਨੂੰ ਪਸੰਦ ਆਵੇਗਾ ਅਤੇ ਉਸ ਨੇ ਹੋਰ ਅਜਿਹੇ ਖਿਡੌਣੇ ਵੇਚਣੇ ਸ਼ੁਰੂ ਕਰ ਦਿੱਤੇ। ਕੁੱਝ ਸਮੇਂ ਬਾਅਦ ਉਸ ਨੇ ਵੇਖਿਆ ਕਿ ਖਿਡੌਣੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਬਹੁਤ ਵਾਇਰਲ ਹੋ ਰਹੀਆਂ ਅਤੇ ਲੋਕ ਭਾਂਤ-ਭਾਂਤ ਦੇ ਕੁਮੈਂਟ ਲਿਖ ਰਹੇ ਹਨ। Zhang Huoqing ਨੇ ਕਿਹਾ, ‘‘ਲੋਕ ਮਜ਼ਾਕ ਕਰ ਰਹੇ ਸਨ ਕਿ ਰੋਂਦਾ ਘੋੜਾ ਬਿਲਕੁਲ ਉਸ ਤਰ੍ਹਾਂ ਦਾ ਦਿਸਦਾ ਹੈ ਜਿਵੇਂ ਦਾ ਕਿਸੇ ਦਾ ਮੂੰਹ ਕੰਮ ਕਰਨ ਵੇਲੇ ਹੁੰਦਾ ਹੈ। ਜਦਕਿ ਹੱਸਦਾ ਘੋੜਾ ਉਸ ਤਰ੍ਹਾਂ ਦਾ ਲਗਦਾ ਹੈ ਜਿਵੇਂ ਕੋਈ ਕੰਮ ਤੋਂ ਛੁੱਟੀ ਕਰ ਕੇ ਜਾਂਦਾ ਹੈ।’’ ਖਿਡੌਣਾ ਏਨਾ ਮਸ਼ਹੂਰ ਹੋਇਆ ਕਿ ਚੀਨ ਦੇ ਨਵੇਂ ਸਾਲ (ਘੋੜੇ ਦੇ ਸਾਲ) ਤੋਂ ਪਹਿਲਾਂ ਇਹ ਖਿਡੌਣਾ ਲੋਕਾਂ ਦੇ ਦਿਲਾਂ ਵਿੱਚ ਵੱਸ ਗਿਆ ਹੈ।
ਚੀਨ ਦੀ ਸਭ ਤੋਂ ਵੱਡੀ ਹੋਲਸੇਲ ਮਾਰਕੀਟ Yiwu International Trade City ’ਚ ਵੀ ਲੋਕ ਇਸ ਨੂੰ ਲੱਭ ਰਹੇ ਹਨ ਅਤੇ Zhang Huoqing ਦੀ ਦੁਕਾਨ ’ਤੇ ਗਾਹਕਾਂ ਦੀ ਭੀੜ ਲੱਗੀ ਹੋਈ ਹੈ। ਇਹ ਖਿਡੌਣਾ ਦਰਅਸਲ “ਕੰਮਕਾਜੀ ਹਕੀਕਤ” ਦਾ ਪ੍ਰਤੀਕ ਬਣ ਗਿਆ ਹੈ। ਜਵਾਨ ਕਰਮਚਾਰੀ ਅਤੇ ਪੇਸ਼ੇਵਰ ਇਸ ਦੇ ਚਿਹਰੇ ਨੂੰ ਆਪਣੀ ਜ਼ਿੰਦਗੀ ਨਾਲ ਜੋੜਦੇ ਹਨ—ਲੰਮੇ ਕੰਮ ਦੇ ਘੰਟੇ, ਤਣਾਅ ਅਤੇ ਅਸੁਰੱਖਿਆ। Yiwu International Trade City ਵਿੱਚ ਇਹ ਖਿਡੌਣਾ ‘ਬੈਸਟਸੈਲਰ’, ਯਾਨੀਕਿ ਸਭ ਤੋਂ ਵੱਧ ਵਿਕਣ ਵਾਲਾ ਬਣ ਗਿਆ ਹੈ।





