ਮੈਲਬਰਨ : ਸਾਊਥ ਆਸਟ੍ਰੇਲੀਆ ਦੇ ਸੁਤੰਤਰ MP Nick McBride ’ਤੇ ਆਪਣੀ ਪਤਨੀ ਨਾਲ ਕੁੱਟਮਾਰ ਦੇ ਦੋਸ਼ ਲੱਗੇ ਹਨ ਅਤੇ ਉਨ੍ਹਾਂ ਨੂੰ ਹਫ਼ਤੇ ਭਰ ਲਈ ਹਿਰਾਸਤ ਵਿੱਚ ਰੱਖਣ ਦਾ ਹੁਕਮ ਦਿੱਤਾ ਗਿਆ ਹੈ। ਐਤਵਾਰ ਨੂੰ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਦੋਂ ਸ਼ਨੀਵਾਰ ਸਵੇਰੇ ਇੱਕ ਘਰੇਲੂ ਹਿੰਸਾ ਦੀ ਸੂਚਨਾ ਮਿਲੀ। 56 ਸਾਲ ਦੇ McBride ਸੋਮਵਾਰ ਨੂੰ Mount Gambier ਤੋਂ ਵੀਡੀਓ ਲਿੰਕ ਰਾਹੀਂ ਐਡਲੇਡ ਮੈਜਿਸਟ੍ਰੇਟ ਕੋਰਟ ਵਿੱਚ ਪੇਸ਼ ਹੋਏ। ਵਕੀਲਾਂ ਨੇ ਦਲੀਲ ਦਿੱਤੀ ਕਿ ਉਹ ਸਿਰਫ਼ ਹੋਮ ਡਿਟੈਨਸ਼ਨ ਜ਼ਮਾਨਤ ਲਈ ਯੋਗ ਹਨ ਅਤੇ ਦੋਸ਼ਾਂ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ। ਮਾਮਲੇ ਨੂੰ 6 ਜਨਵਰੀ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ, ਜਦ ਤੱਕ ਹੋਮ ਡਿਟੈਨਸ਼ਨ ਰਿਪੋਰਟ ਤਿਆਰ ਨਹੀਂ ਹੁੰਦੀ।
McBride 2018 ਵਿੱਚ ਲਿਬਰਲ ਪਾਰਟੀ ਦੇ ਉਮੀਦਵਾਰ ਵਜੋਂ Mackillop ਸੀਟ ਤੋਂ ਚੁਣੇ ਗਏ ਸਨ। 2022 ਵਿੱਚ ਦੁਬਾਰਾ ਚੁਣੇ ਜਾਣ ਤੋਂ ਬਾਅਦ, ਉਨ੍ਹਾਂ ਨੇ ਪਾਰਟੀ ਛੱਡ ਦਿੱਤੀ ਅਤੇ ਸੁਤੰਤਰ MP ਵਜੋਂ ਚੋਣ ਲੜੀ। ਉਨ੍ਹਾਂ ਨੇ ਪਾਰਟੀ ਵਿੱਚ “ਡਾਰਕ ਫੋਰਸਜ਼” ਅਤੇ ਧੜੇਬੰਦੀ ਦਾ ਦੋਸ਼ ਲਾਇਆ ਸੀ।
ਅਟਾਰਨੀ-ਜਨਰਲ Kyam Maher ਨੇ ਕਿਹਾ ਕਿ ਇਹ ਉਨ੍ਹਾਂ ਦੀ ਆਪਣੀ ਚੋਣ ਹੈ ਕਿ ਉਹ ਮਾਰਚ ਦੀ ਚੋਣ ਲੜਨਗੇ ਜਾਂ ਨਹੀਂ, ਪਰ ਇਸ ਹਾਲਾਤ ਵਿੱਚ ਮੁਹਿੰਮ ਚਲਾਉਣਾ ਮੁਸ਼ਕਲ ਹੈ। ਲਿਬਰਲ ਨੇਤਾ ਐਸ਼ਟਨ ਹਰਨ ਨੇ ਵੀ ਕਿਹਾ ਕਿ ਘਰੇਲੂ ਹਿੰਸਾ ਦੇ ਦੋਸ਼ ਬਹੁਤ ਗੰਭੀਰ ਹੁੰਦੇ ਹਨ ਅਤੇ ਪਾਰਟੀ ਇਸ ਮਾਮਲੇ ‘ਤੇ ਨਜ਼ਰ ਰੱਖੇਗੀ। McBride ਇੱਕ ਕਿਸਾਨ ਵੀ ਹਨ ਅਤੇ ਉਨ੍ਹਾਂ ਦਾ ਪਰਿਵਾਰਕ ਕਾਰੋਬਾਰ ਸਾਊਥ ਆਸਟ੍ਰੇਲੀਆ ਅਤੇ ਵਿਕਟੋਰੀਆ ਵਿੱਚ ਜ਼ਮੀਨ ਦਾ ਮਾਲਕ ਹੈ।





