ਭਾਰਤ ਤੋਂ ਆਸਟ੍ਰੇਲੀਆ : ਇੱਕ ਅਨੋਖੀ ਸਕੂਟਰ ਯਾਤਰਾ ’ਤੇ ਇਰਸ਼ਾਦ

ਮੈਲਬਰਨ: ਭਾਰਤ ਦੇ ਕੇਰਲ ’ਚ ਰਹਿਣ ਵਾਲੇ ਇਰਸ਼ਾਦ ਦੀ ਭਾਰਤ ਤੋਂ ਆਸਟ੍ਰੇਲੀਆ ਤੱਕ ਦੀ 40,000 ਕਿਲੋਮੀਟਰ ਦੀ ਅਸਧਾਰਨ ਯਾਤਰਾ ਨੇ ਵਿਸ਼ਵ ਦਾ ਧਿਆਨ ਖਿੱਚਿਆ ਹੈ। ਜਿੱਥੇ ਲੋਕ ਅਜਿਹੀਆਂ ਯਾਤਰਾਵਾਂ ਲਈ ਮੋਟਰਸਾਈਕਲ, ਕਾਰਾਂ ਜਾਂ ਕਿਸ਼ਤੀਆਂ ਨੂੰ ਚੁਣਦੇ ਹਨ ਉੱਥੇ ਇਰਸ਼ਾਦ ਨੇ ਸਕੂਟਰ ‘ਤੇ 13 ਦੇਸ਼ਾਂ ਦੀ ਯਾਤਰਾ ਕਰਨ ਦਾ ਫ਼ੈਸਲਾ ਕੀਤਾ।

ਉਸ ਦੀ ਨੇਪਾਲ, ਬੰਗਲਾਦੇਸ਼, ਭੂਟਾਨ, ਮਿਆਂਮਾਰ, ਲਾਓਸ, ਵੀਅਤਨਾਮ, ਕੰਬੋਡੀਆ, ਥਾਈਲੈਂਡ, ਮਲੇਸ਼ੀਆ, ਸਿੰਗਾਪੁਰ ਅਤੇ ਇੰਡੋਨੇਸ਼ੀਆ ਸਮੇਤ 13 ਦੇਸ਼ਾਂ ਦੀ ਯਾਤਰਾ ਸੋਸ਼ਲ ਮੀਡੀਆ ’ਤੇ ਛਾਈ ਹੋਈ ਹੈ, ਜੋ 18 ਮਹੀਨਿਆਂ ਤੱਕ ਚੱਲਣ ਦੀ ਉਮੀਦ ਹੈ। ਉਸ ਦੀ ਯੋਜਨਾ ਇੰਡੋਨੇਸ਼ੀਆ ਦੇ ਤੱਟ ਤੋਂ ਸਮੁੰਦਰੀ ਜਹਾਜ਼ ਰਾਹੀਂ ਆਸਟ੍ਰੇਲੀਆ ਪਹੁੰਚਣ, ਇਸ ਦੇ ਇਤਿਹਾਸਕ ਸਥਾਨਾਂ ’ਤੇ ਘੁੰਮਣ ਅਤੇ ਫਿਰ ਭਾਰਤ ਵਾਪਸ ਆਉਣ ਦੀ ਹੈ। ਚੁਣੌਤੀਆਂ ਦੇ ਬਾਵਜੂਦ, ਇਰਸ਼ਾਦ ਦਾ ਹੌਸਲਾ ਬੁਲੰਦ ਹੈ। ਆਪਣੇ ਵੀਡੀਓ ’ਚ ਇਰਸ਼ਾਦ ਨੂੰ ਯਾਤਰਾ ਦੌਰਾਨ ਆਰਾਮ ਕਰਨ ਲਈ ਉਹ ਕੈਂਪਸਾਈਟਾਂ ‘ਤੇ ਰੁਕਦੇ ਵੇਖਿਆ ਜਾ ਸਕਦਾ ਹੈ।

ਇਰਸ਼ਾਦ ਨੂੰ ਆਪਣੀ ਯਾਤਰਾ ਜਾਰੀ ਰੱਖਣ ਲਈ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਦਾ ਭਰਪੂਰ ਸਮਰਥਨ ਵੀ ਮਿਲ ਰਿਹਾ ਹੈ। ਬਹੁਤ ਸਾਰੇ ਲੋਕਾਂ ਨੇ ਉਸ ਨੂੰ ਉਸ ਦੇ ਯਤਨਾਂ ਲਈ ਵਧਾਈ ਦਿੱਤੀ ਹੈ ਅਤੇ ਉਸ ਦੀ ਸੁਰੱਖਿਅਤ ਯਾਤਰਾ ਦੀ ਅਰਦਾਸ ਕੀਤੀ ਹੈ। ਕੁਝ ਨੇ ਵਿਹਾਰਕ ਸਲਾਹ ਵੀ ਦਿੱਤੀ ਹੈ, ਜਿਵੇਂ ਕਿ ਹਰ 1000 ਕਿਲੋਮੀਟਰ ‘ਤੇ ਆਪਣੇ ਸਕੂਟਰ ਦੇ ਇੰਜਣ ਆਇਲ ਨੂੰ ਨਿਯਮਤ ਤੌਰ ‘ਤੇ ਬਦਲਣਾ। ਇਰਸ਼ਾਦ ਦੀ ਯਾਤਰਾ ਮਨੁੱਖੀ ਦ੍ਰਿੜਤਾ ਅਤੇ ਹਿੰਮਤ ਦੀਆਂ ਅਸੀਮ ਸੰਭਾਵਨਾਵਾਂ ਦਾ ਸਬੂਤ ਹੈ, ਜੋ ਅਣਗਿਣਤ ਵਿਅਕਤੀਆਂ ਨੂੰ ਵੱਡੇ ਸੁਪਨੇ ਦੇਖਣ ਅਤੇ ਗੈਰ-ਰਵਾਇਤੀ ਤਰੀਕਿਆਂ ਨਾਲ ਦੁਨੀਆ ਵੇਖਣ ਲਈ ਪ੍ਰੇਰਿਤ ਕਰਦੀ ਹੈ।

Leave a Comment