ਆਸਟ੍ਰੇਲੀਆ ਦੇ ਹਾਊਸਿੰਗ ਸੰਕਟ ਲਈ ਬਜਟ ’ਚ ਦਿੱਤੇ ਜਾਣਗੇ 11 ਅਰਬ ਡਾਲਰ, ਵਿਦਿਆਰਥੀਆਂ ਦੀ ਰਿਹਾਇਸ਼ ਵਧਾਉਣ ਲਈ ’ਵਰਸਿਟੀਆਂ ‘ਤੇ ਲਾਗੂ ਹੋਣਗੇ ਨਵੇਂ ਨਿਯਮ

ਮੈਲਬਰਨ : ਐਲਬਨੀਜ਼ ਸਰਕਾਰ ਆਪਣੇ 14 ਮਈ ਦੇ ਬਜਟ ਵਿੱਚ 11.3 ਬਿਲੀਅਨ ਡਾਲਰ ਦੇ ਹਾਊਸਿੰਗ ਪੈਕੇਜ ਦਾ ਐਲਾਨ ਕਰਨ ਲਈ ਤਿਆਰ ਹੈ, ਜਿਸ ਦਾ ਉਦੇਸ਼ ਆਸਟ੍ਰੇਲੀਆ ਵਿੱਚ ਸੋਸ਼ਲ ਅਤੇ ਸਸਤੇ ਮਕਾਨਾਂ ਦੀ ਸਪਲਾਈ ਵਧਾਉਣਾ ਹੈ। ਦੇਸ਼ ਦੇ ਗੰਭੀਰ ਰਿਹਾਇਸ਼ ਸੰਕਟ ਦੇ ਜਵਾਬ ’ਚ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ‘ਹੋਮਜ਼ ਫਾਰ ਆਸਟ੍ਰੇਲੀਆ’ ਯੋਜਨਾ ਦਾ ਖੁਲਾਸਾ ਕੀਤਾ ਹੈ ਜਿਸ ਦਾ ਉਦੇਸ਼ ਘਰਾਂ ਦੀ ਮਲਕੀਅਤ ’ਚ ਵਾਧਾ ਕਰਨਾ ਹੈ।

ਇਸ ਪੈਕੇਜ ਵਿੱਚ ਸੋਸ਼ਲ ਹਾਊਸਿੰਗ ਅਤੇ ਬੇਘਰਾਂ ਲਈ ਪੰਜ ਸਾਲ ਦੇ ਰਾਸ਼ਟਰੀ ਸਮਝੌਤੇ ਹੇਠ 9.3 ਅਰਬ ਡਾਲਰ ਦਾ ਫੰਡ ਸ਼ਾਮਲ ਹੈ, ਜਿਸ ਵਿੱਚ ਸਟੇਟਸ ਅਤੇ ਟੈਰੀਟਰੀਜ਼ ਨੂੰ ਫ਼ੈਡਰਲ ਬੇਘਰ ਫੰਡਿੰਗ ਦੇ ਬਰਾਬਰ ਫ਼ੰਡ ਦੇਣੇ ਹੋਣਗੇ, ਜਿਸ ਨੂੰ ਦੁੱਗਣਾ ਕਰ ਕੇ 40 ਕਰੋੜ ਡਾਲਰ ਪ੍ਰਤੀ ਸਾਲ ਕਰ ਦਿੱਤਾ ਗਿਆ ਹੈ।

ਪਰਿਵਾਰਾਂ ਨੂੰ ਘਰੇਲੂ ਹਿੰਸਾ ਤੋਂ ਬਚਾਉਣ ਲਈ 1 ਅਰਬ ਡਾਲਰ ਅਲਾਟ ਕੀਤੇ ਜਾਣਗੇ ਜਿਸ ਨਾਲ ਅਜਿਹੇ ਪਰਿਵਾਰਾਂ ਨੂੰ ਸਿਰ ਢਕਣ ਲਈ ਛੱਤ ਦਿੱਤੀ ਜਾਵੇਗੀ। ਬਜਟ ਵਿੱਚ ਵਿਦਿਆਰਥੀਆਂ ਲਈ ਰਿਹਾਇਸ਼ ਵਧਾਉਣ ਲਈ ਯੂਨੀਵਰਸਿਟੀਆਂ ‘ਤੇ ਨਵੇਂ ਨਿਯਮ ਵੀ ਲਗਾਏ ਗਏ ਹਨ।

Leave a Comment