ਭਾਰੀ ਮੌਰਗੇਜ ਦੇ ਬੋਝ ਨਾਲ ਜੂਝ ਰਹੇ ਸਿਡਨੀ ਦੇ ਦਮਨ ਸੰਧੂ ਵਰਗੇ ਲੱਖਾਂ ਆਸਟ੍ਰੇਲੀਆ ਵਾਸੀਆਂ ਨੂੰ ਫ਼ੈਡਰਲ ਬਜਟ ਤੋਂ ਵੱਡੀਆਂ ਉਮੀਦਾਂ

ਮੈਲਬਰਨ: ਆਸਟ੍ਰੇਲੀਆਈ ਪਰਿਵਾਰ, ਖਾਸ ਤੌਰ ‘ਤੇ ਛੋਟੇ ਬੱਚਿਆਂ ਵਾਲੇ ਪਰਿਵਾਰਾਂ ਨੂੰ, ਆਪਣੇ ਖ਼ਰਚਿਆਂ ਨੂੰ ਪੂਰਾ ਕਰਨ ਲਈ ਸਖ਼ਤ ਜੱਦੋਜਹਿਦ ਕਰਨੀ ਪੈ ਰਹੀ ਹੈ। ਸਿਡਨੀ ਦੇ ਉੱਤਰ-ਪੱਛਮ ਦੇ ਮਾਰਸਡੇਨ ਪਾਰਕ ’ਚ ਰਹਿਣ ਵਾਲੇ ਸੰਧੂ ਪਰਿਵਾਰ ਦਾ ਹਾਲ ਵੀ ਕੁੱਝ ਇਹੋ ਜਿਹਾ ਹੀ ਹੈ।

ਦਮਨ ਸੰਧੂ ਅਤੇ ਪੈੱਗੀ ਸੰਧੂ ਦੋਵੇਂ ਇੱਕ ਰੈਸਟੋਰੈਂਟ ’ਚ ਕੰਮ ਕਰਦੇ ਹਨ। ਉਨ੍ਹਾਂ ਦੀ ਇੱਕ ਸਾਲ ਦੀ ਬੱਚੀ ਆਰੀਆ ਵੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸਭ ਤੋਂ ਵੱਡੀ ਖ਼ਰਚ ਮੌਰਗੇਜ ਦੀ ਕਿਸਤ ਦਾ ਭੁਗਤਾਨ ਹੈ, ਜੋ 5.99٪ ਦੇ ਵਿਆਜ ਰੇਟ ‘ਤੇ ਪ੍ਰਤੀ ਹਫਤੇ 1100 ਡਾਲਰ ਤੋਂ ਵੀ ਵੱਧ ਬਣਦੀ ਹੈ। ਸੰਧੂ ਪਰਿਵਾਰ ਦਾ ਪੂਰੇ ਹਫਤੇ ਦਾ ਬਿੱਲ 1359 ਡਾਲਰ ਬਣਦਾ ਹੈ, ਜਿਸ ਵਿੱਚ ਮੌਰਗੇਜ ਤੋਂ ਇਲਾਵਾ ਗਰੌਸਰੀ, ਸਟ੍ਰੀਮਿੰਗ ਸੇਵਾਵਾਂ, ਫੋਨ ਬਿੱਲ, ਬੱਚਿਆਂ ਦੇ ਨੈਪੀਜ਼ ਵਗੈਰਾ, ਪੈਟਰੋਲ ਅਤੇ NBN ਸ਼ਾਮਲ ਹਨ। ਸੰਧੂ ਪਰਿਵਾਰ ਆਪਣੇ ਸੋਲਰ ਪੈਨਲਾਂ ਕਾਰਨ ਹਰ ਮਹੀਨੇ ਆਪਣੇ ਬਿਜਲੀ ਦੇ ਬਿੱਲਾਂ ‘ਤੇ ਕਾਫ਼ੀ ਬਚਤ ਕਰਦਾ ਹੈ, ਉਨ੍ਹਾਂ ਦਾ ਤਾਜ਼ਾ ਤਿਮਾਹੀ ਬਿੱਲ ਸਿਰਫ 20 ਡਾਲਰ ਹੈ। ਦੋਵੇਂ ਰੈਸਟੋਰੈਂਟ ਵਿੱਚ ਕੰਮ ਕਰਦੇ ਹੋਣ ਕਾਰਨ ਉਨ੍ਹਾਂ ਦਾ ਭੋਜਨ ’ਤੇ ਖ਼ਰਚ ਵੀ ਘੱਟ ਹੁੰਦਾ ਹੈ ਕਿਉਂਕਿ ਉਨ੍ਹਾਂ ਨੂੰ ਅਕਸਰ ਉੱਥੇ ਲੰਚ ਅਤੇ ਡਿਨਰ ਮਿਲ ਜਾਂਦਾ ਹੈ।

ਪਰ ਇਨ੍ਹਾਂ ਬੱਚਤਾਂ ਦੇ ਬਾਵਜੂਦ, ਪੈੱਗੀ ਚਾਹੁੰਦੀ ਹੈ ਕਿ ਜੇਕਰ ਪ੍ਰਤੀ ਹਫਤਾ ਉਨ੍ਹਾਂ ਦੀ 250 ਤੋਂ 300 ਡਾਲਰ ਬੱਚਤ ਹੋ ਜਾਵੇ ਤਾਂ ਉਨ੍ਹਾਂ ਦੀ ਵਿੱਤੀ ਸਥਿਤੀ ਬਿਹਤਰ ਹੋ ਜਾਵੇਗੀ। ਉਹ ਫੈਡਰਲ ਬਜਟ ਵਿੱਚ ਪੇਰੈਂਟਲ ਲੀਵ ਸਕੀਮ ਵਿੱਚ ਸੁਧਾਰ ਦੀ ਵੀ ਉਮੀਦ ਕਰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੇਰੈਂਟਲ ਲੀਵ ਸਕੀਮ ਦੀ ਖਸਤਾ ਹਾਲਤ, RBA ਦੀਆਂ ਵਿਆਜ ਦਰਾਂ ਵਿੱਚ ਵਾਧਾ ਅਤੇ ਗਰੌਸਰੀ ਦੀਆਂ ਵਧੀਆਂ ਹੋਈਆਂ ਦੀਆਂ ਲਾਗਤਾਂ ਵਰਗੇ ਕਾਰਕਾਂ ਕਾਰਨ ਆਮ ਲੋਕਾਂ ਦਾ ਹਫਤਾਵਾਰੀ ਬਜਟ ਡਾਵਾਂਡੋਲ ਹੋ ਗਿਆ ਹੈ। ਫ਼ੈਡਰਲ ਬਜਟ 14 ਮਈ ਨੂੰ ਪੇਸ਼ ਹੋ ਜਾ ਰਿਹਾ ਹੈ ਅਤੇ ਲੋਕਾਂ ਨੇ ਇਸ ਤੋਂ ਵੱਡੀਆਂ ਉਮੀਦਾਂ ਲਗਾਈਆਂ ਹੋਈਆਂ ਹਨ ਕਿ ਸਰਕਾਰ ਉਨ੍ਹਾਂ ਨੂੰ ਕੁੱਝ ਰਾਹਤ ਜ਼ਰੂਰ ਦੇਵੇਗੀ।

Leave a Comment