ਮੈਲਬਰਨ ’ਚ ਚਾਕੂਬਾਜ਼ੀ ਦੇ ਪੀੜਤ ਨਵਜੀਤ ਸੰਧੂ ਦੇ ਦੋਸਤ ਨੇ ਉਸ ਨੂੰ ‘ਰੌਸ਼ਨਦਿਮਾਗ਼ ਅਤੇ ਉੱਦਮੀ ਨੌਜਵਾਨ’ ਵਜੋਂ ਯਾਦ ਕੀਤਾ

ਮੈਲਬਰਨ: ਮੈਲਬਰਨ ’ਚ ਕਥਿਤ ਤੌਰ ‘ਤੇ ਆਪਣੇ ਦੋਸਤ ਦੀ ਲੜਾਈ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਮਾਰੇ ਗਏ ਇੰਟਰਨੈਸ਼ਨਲ ਸਟੂਡੈਂਟ ਨਵਜੀਤ ਸੰਧੂ ਨੂੰ ਉਸ ਦੇ ਦੋਸਤ ਨੇ ‘ਰੌਸ਼ਨਦਿਮਾਗ਼ ਅਤੇ ਉੱਦਮੀ ਨੌਜਵਾਨ’ ਦੇ ਰੂਪ ‘ਚ ਯਾਦ ਕੀਤਾ ਹੈ। ਭਾਰਤ ਤੋਂ ਨਵੰਬਰ 2022 ’ਚ M.Tech. ਦੀ ਪੜ੍ਹਾਈ ਲਈ ਸਟੱਡੀ ਵੀਜ਼ਾ ’ਤੇ ਆਏ ਨਵਜੀਤ ਸਿੰਘ ਸੰਧੂ ’ਤੇ ਐਤਵਾਰ ਤੜਕੇ ਕਰੀਬ ਡੇਢ ਵਜੇ ਮੈਲਬਰਨ ਵਿਖੇ ਓਰਮੰਡ ਦੇ ਇਕ ਸਾਂਝੇ ਕਿਰਾਏ ਦੇ ਮਕਾਨ ਵਿਚ ਝਗੜਾ ਹੋਣ ਤੋਂ ਬਾਅਦ ਚਾਕੂ ਨਾਲ ਵਾਰ ਕੀਤੇ ਗਏ ਸਨ।

ਨਵਜੀਤ ਦੇ ਨਾਲ ਹੀ ਰਹਿ ਰਹੇ ਵਾਲੇ ਅਤੇ ਲੰਬੇ ਸਮੇਂ ਤੋਂ ਉਸ ਦੇ ਦੋਸਤ ਗੁਰਮੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ’ਚ ਦੱਸਿਆ ਕਿ 22 ਸਾਲ ਦਾ ਨਵਜੀਤ ਭਾਰਤ ਵਿਚ ਆਪਣੇ ਪਰਿਵਾਰ ਦਾ ਬਿਹਤਰ ਭਵਿੱਖ ਸੁਰੱਖਿਅਤ ਕਰਨ ਲਈ ਆਸਟ੍ਰੇਲੀਆ ਆਇਆ ਸੀ। ਉਸ ਨੇ ਕਿਹਾ, ‘‘ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਆਪਣੀਆਂ ਦੋ ਭੈਣਾਂ ਦਾ ਪਿਆਰਾ ਭਰਾ ਸੀ। ਉਸ ਦਾ ਇਸ ਤਰ੍ਹਾਂ ਚਲੇ ਜਾਣਾ ਮੇਰੇ ਲਈ ਅਤੇ ਉਸ ਦੇ ਪਰਿਵਾਰ ਲਈ ਬਹੁਤ ਵੱਡਾ ਘਾਟਾ ਹੈ। ਇਹ ਸੱਚਮੁੱਚ ਭਿਆਨਕ ਹੈ।’’ ਗੁਰਮੀਤ ਸਿੰਘ ਨੇ ਦੱਸਿਆ ਕਿ ਨਵਜੀਤ ਓਰਮੰਡ ‘ਚ ਆਪਣੇ ਦੋਸਤ ਦਾ ਸਾਮਾਨ ਉਸ ਦੇ ਕਮਰੇ ਤੋਂ ਲਿਆਉਣ ‘ਚ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਦੋਂ ਹਾਲਾਤ ਤੇਜ਼ੀ ਨਾਲ ਵਿਗੜ ਗਏ। ਉਸ ਨੇ ਕਿਹਾ, “ਉਹ ਓਰਮੰਡ ਵਿੱਚ ਰਹਿ ਰਹੇ ਆਪਣੇ ਇੱਕ ਦੋਸਤ ਦੀ ਮਦਦ ਕਰ ਰਿਹਾ ਸੀ ਜੋ ਆਪਣਾ ਕਮਰਾ ਬਦਲਣਾ ਚਾਹੁੰਦਾ ਸੀ। ਨਵਜੀਤ ਉਸ ਦੇ ਨਾਲ ਗਿਆ ਸੀ। ਉਹ ਬਾਹਰ ਸੜਕ ‘ਤੇ ਖੜ੍ਹਾ ਸੀ (ਇੰਤਜ਼ਾਰ ਕਰਦੇ ਹੋਏ) ਅੰਦਰੋਂ ਚੀਜ਼ਾਂ ਆਪਣੀ ਕਾਰ ’ਚ ਲੱਦਣ ਲਈ। ਏਨੇ ਨੂੰ ਅੰਦਰ ਬਹਿਸ ਸ਼ੁਰੂ ਹੋ ਗਈ ਅਤੇ ਮਾਮਲਾ ਬਹੁਤ ਵਧ ਗਿਆ। ਉਹ ਉਨ੍ਹਾਂ ਕੋਲ ਸਿਰਫ਼ ਲੜਾਈ ਛੁਡਵਾਉਣ ਲਈ ਗਿਆ ਸੀ।’’ ਉਸ ਦਾ  ਦੋਸਤ ਸਰਵਣ ਕੁਮਾਰ ਵੀ ਇਸ ਲੜਾਈ  ਜ਼ਖ਼ਮੀ ਹੋ ਗਿਆ ਅਤੇ ਹਸਪਤਾਲ ’ਚ ਜ਼ੇਰੇ ਇਲਾਜ ਹੈ।

ਦੋਵੇਂ ਮੁਲਜ਼ਮ ਭਲਕੇ ਪੇਸ਼ ਹੋ ਸਕਦੇ ਨੇ ਮੈਲਬਰਨ ਦੀ ਅਦਾਲਤ ’ਚ

ਦੋਵੇਂ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਥਿਤ ਤੌਰ ’ਤੇ ਮੌਕੇ ਤੋਂ ਭੱਜ ਗਏ ਸਨ। ਦੋਹਾਂ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਦੋਵੇਂ ਭਾਰਤ ’ਚ ਹਰਿਆਣਾ ਤੋਂ ਆ ਕੇ ਇੱਥੇ ਰਹਿ ਰਹੇ ਸਨ। ਇਕ 27 ਸਾਲ ਦੇ ਵਿਅਕਤੀ ‘ਤੇ ਕਤਲ ਅਤੇ ਕਤਲ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਗਿਆ ਹੈ, ਜਦੋਂ ਕਿ 26 ਸਾਲ ਦੇ ਵਿਅਕਤੀ ‘ਤੇ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਹੈ। ਦੋਹਾਂ ਨੂੰ ਅੱਜ ਸਵੇਰੇ ਗੌਲਬਰਨ ਸਥਾਨਕ ਅਦਾਲਤ ਦਾ ਸਾਹਮਣਾ ਕੀਤਾ ਜਿੱਥੇ ਉਨ੍ਹਾਂ ਦੀ ਵਿਕਟੋਰੀਆ ਨੂੰ ਹਵਾਲਗੀ ਦੀ ਮਨਜ਼ੂਰੀ ਦੇ ਦਿੱਤੀ ਗਈ। ਉਨ੍ਹਾਂ ਦੇ ਸ਼ੁਕਰਵਾਰ ਨੂੰ ਮੈਲਬਰਨ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਹੋਣ ਦੀ ਉਮੀਦ ਹੈ।

ਨਵਜੀਤ ਦੀ ਲਾਸ਼ ਭਾਰਤ ਭੇਜਣ ਲਈ ਫ਼ੰਡਰੇਜ਼ਰ ਬਣਾਇਆ ਗਿਆ

ਦੂਜੇ ਪਾਸੇ ਨਵਜੀਤ ਦੀ ਲਾਸ਼ ਨੂੰ ਭਾਰਤ ਵਾਪਸ ਭੇਜਣ ਲਈ ਪੈਸਾ ਇਕੱਠਾ ਕਰਨ ਦੇ ਮੰਤਵ ਨਾਲ ਇੱਕ ਫੰਡਰੇਜ਼ਰ ਬਣਾਇਆ ਗਿਆ ਹੈ। ਇਸ ਰਾਹੀਂ 1 ਲੱਖ ਡਾਲਰ ਇਕੱਠੇ ਕਰਨ ਦੀ ਯੋਜਨਾ ਹੈ। ਗੁਰਪ੍ਰੀਤ ਸਿੰਘ ਨੇ ਕਿਹਾ, ‘‘ਸਾਡਾ ਟੀਚਾ ਨਾ ਸਿਰਫ ਨਵਜੀਤ ਦੀ ਲਾਸ਼ ਨੂੰ ਉਸ ਦੇ ਦੇਸ਼ ਵਾਪਸ ਭੇਜਣ ਲਈ ਫੰਡ ਇਕੱਠਾ ਕਰਨਾ ਹੈ, ਬਲਕਿ ਇਸ ਨਾਜ਼ੁਕ ਸਮੇਂ ਦੌਰਾਨ ਉਸ ਦੇ ਪਰਿਵਾਰ ਨੂੰ ਕੁਝ ਵਿੱਤੀ ਰਾਹਤ ਪ੍ਰਦਾਨ ਕਰਨਾ ਵੀ ਹੈ। ਉਨ੍ਹਾਂ ਨੂੰ ਬੇਟੇ ਦੀ ਮੌਤ ਦਾ ਭਾਰੀ ਨੁਕਸਾਨ ਝੱਲਣ ਦੇ ਨਾਲ ਆਪਣੇ ਭਵਿੱਖ ਨੂੰ ਨਵੇਂ ਸਿਰੇ ਤੋਂ ਉਲੀਕਣਾ ਪਵੇਗਾ।’’

ਉਸ ਲਈ ਮਦਦ Fundraiser by Gurmeet Singh : family support for navjeet singh whogot stabbed in melbourne (gofundme.com) ’ਤੇ ਭੇਜੀ ਜਾ ਸਕਦੀ ਹੈ।

Leave a Comment