ਮੈਲਬਰਨ: ਇੰਡੀਆ ਵੱਲੋਂ ਇੰਪੋਰਟ ‘ਤੇ ਟੈਰਿਫ ਮੁਅੱਤਲ ਕੀਤੇ ਜਾਣ ਤੋਂ ਬਾਅਦ ਆਸਟ੍ਰੇਲੀਆ ‘ਚ ਕਾਲੇ ਛੋਲਿਆਂ ਦੀਆਂ ਕੀਮਤਾਂ ‘ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਉਦਯੋਗ ਸੰਗਠਨ ‘ਗ੍ਰੇਨਜ਼ ਆਸਟ੍ਰੇਲੀਆ’ ਨੇ ਕਿਹਾ ਹੈ ਕਿ ਉੱਚ ਕੀਮਤਾਂ ਅਤੇ ਇੰਡੀਆ ਤੋਂ ਵਧਦੀ ਮੰਗ ਆਸਟ੍ਰੇਲੀਆ ਦੇ ਕਿਸਾਨਾਂ ਨੂੰ ਆਉਣ ਵਾਲੇ ਮਹੀਨਿਆਂ ਵਿੱਚ ਵਧੇਰੇ ਛੋਲੇ ਲਗਾਉਣ ਲਈ ਉਤਸ਼ਾਹਤ ਕਰੇਗੀ। ਦੁਨੀਆ ਦੇ ਸਭ ਤੋਂ ਵੱਡੇ ਛੋਲਿਆਂ ਦੇ ਖਪਤਕਾਰ ਭਾਰਤ ਨੇ 4 ਮਈ ਨੂੰ ਸਥਾਨਕ ਫਸਲ ਖਰਾਬ ਹੋਣ ਕਾਰਨ ਅਗਲੇ ਸਾਲ 31 ਮਾਰਚ ਤੱਕ ਟੈਰਿਫ ਮੁਅੱਤਲ ਕਰ ਦਿੱਤਾ ਸੀ। ਛੋਲਿਆਂ ਦਾ ਸਭ ਤੋਂ ਵੱਡਾ ਨਿਰਯਾਤ ਕਰਨ ਵਾਲਾ ਦੇਸ਼ ਆਸਟ੍ਰੇਲੀਆ ਇਸ ਦਾ ਫਾਇਦਾ ਉਠਾਉਣ ਦੀ ਸਥਿਤੀ ‘ਚ ਹੈ।
ਗ੍ਰੇਨ ਆਸਟ੍ਰੇਲੀਆ ਦੀ ਪਲਸ ਕੌਂਸਲ ਦੇ ਚੇਅਰਮੈਨ ਪੀਟਰ ਵਿਲਸਨ ਨੇ ਕਿਹਾ ਕਿ ਆਸਟ੍ਰੇਲੀਆ ਦੇ ਐਕਸਪੋਰਟਰ ਤੁਰੰਤ ਭਾਰਤੀ ਬੰਦਰਗਾਹਾਂ ਲਈ ਉਤਪਾਦ ਤਿਆਰ ਕਰਨਗੇ। ਵਿਲਸਨ ਨੇ ਕਿਹਾ ਕਿ ਆਸਟ੍ਰੇਲੀਆ ਵਿਚ ਬਿਜਾਈ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ, ਜਿਸ ਨਾਲ ਇਸ ਗੱਲ ਦੀ ਗਰੰਟੀ ਹੈ ਕਿ ਆਸਟ੍ਰੇਲੀਆ ’ਚ ਇਸ ਵਾਰ ਛੋਲਿਆਂ ਦੀ ਫ਼ਸਲ ਜ਼ਿਆਦਾ ਬੀਜੀ ਜਾਵੇਗੀ। ਇਕ ਵਪਾਰੀ ਨੇ ਦੱਸਿਆ ਕਿ ਇਸ ਐਲਾਨ ਤੋਂ ਬਾਅਦ ਆਸਟ੍ਰੇਲੀਆ ਦੇ ਦੇਸੀ ਛੋਲਿਆਂ ਦੀਆਂ ਕੀਮਤਾਂ ਕੀਮਤਾਂ ਫਰਵਰੀ ਵਿਚ ਲਗਭਗ 810 ਡਾਲਰ ਤੋਂ ਵਧ ਕੇ 1,150 ਡਾਲਰ ਪ੍ਰਤੀ ਟਨ ਹੋ ਗਈਆਂ ਹਨ।
ਆਸਟ੍ਰੇਲੀਆ ਨੇ ਪਿਛਲੇ ਪੰਜ ਸਾਲਾਂ ਵਿੱਚ ਔਸਤਨ 600,000 ਟਨ ਛੋਲਿਆਂ ਦਾ ਨਿਰਯਾਤ ਕੀਤਾ ਹੈ, ਜਿਸ ਦੀ ਕੀਮਤ ਲਗਭਗ 32.5 ਕਰੋੜ ਡਾਲਰ ਹੈ। ਵਿਲਸਨ ਨੇ ਕਿਹਾ ਕਿ ਇਨ੍ਹਾਂ ਵਿਚੋਂ ਲਗਭਗ 90٪ ਦੇਸੀ ਸਨ, ਜੋ ਚਿੱਟੇ ਕਾਬੁਲੀ ਕਿਸਮ ਨਾਲੋਂ ਛੋਟੇ ਅਤੇ ਆਮ ਤੌਰ ‘ਤੇ ਗੂੜ੍ਹੇ ਰੰਗ ਦੇ ਹੁੰਦੇ ਹਨ ਜਿਸ ਤੋਂ ਹਮਸ ਬਣਾਇਆ ਜਾਂਦਾ ਹੈ। ਭਾਰਤ ਨੇ ਸਥਾਨਕ ਕਿਸਾਨਾਂ ਦੀ ਸਹਾਇਤਾ ਲਈ 2017 ਵਿੱਚ ਦੇਸੀ ਛੋਲਿਆਂ ‘ਤੇ 33٪ ਟੈਰਿਫ ਲਗਾਇਆ ਸੀ, ਬਾਅਦ ਵਿੱਚ ਇਸ ਨੂੰ ਵਧਾ ਕੇ 66٪ ਕਰ ਦਿੱਤਾ।