ਨਸ਼ੇ ਰੱਖਣ ਦੇ ਮਾਮਲੇ ਗੁਆਂਢੀ ਵੀ ਪੁਲਿਸ ਅੜਿੱਕੇ ਚੜ੍ਹਿਆ
ਮੈਲਬਰਨ: ਸਿਡਨੀ ਦੇ ਪੂਰਬੀ ਸਬਅਰਬ ਸਥਿਤ ਇਕ ਫਲੈਟ ‘ਚੋਂ 19 ਸਾਲ ਦੀ ਯੋਲੋਂਡਾ ਮੁੰਬੁਲਾ ਦੀ ਲਾਸ਼ ਮਿਲੀ ਹੈ। ਪੈਰਾਮੈਡਿਕਸ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਉਸ ਦੇ ਸਨੇਹੀਆਂ ਨੇ ਉਸ ਨੂੰ ਸਦਾ ਖ਼ੁਸ਼ ਰਹਿਣ ਵਾਲੇ ਵਿਅਕਤੀ ਵਜੋਂ ਯਾਦ ਕੀਤਾ ਜਿਸ ਨੇ ਪਿਛਲੇ ਸਾਲ ਹੀ ਇੱਕ ਬੱਚੇ ਨੂੰ ਜਨਮ ਦਿੱਤਾ ਸੀ। ਇਕ 32 ਸਾਲ ਦੇ ਵਿਅਕਤੀ, ਜਿਸ ਨੂੰ ਯੋਲੋਂਡਾ ਦਾ ਬੁਆਏਫ੍ਰੈਂਡ ਮੰਨਿਆ ਜਾ ਰਿਹਾ ਹੈ, ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਬਾਅਦ ਨੇੜਲੇ ਪਤੇ ‘ਤੇ ਤਲਾਸ਼ੀ ਲੈਣ ਮਗਰੋਂ ਇੱਕ 34 ਸਾਲ ਦੇ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਕੋਲੋਂ ਮਿਥਾਈਲਮਫੇਟਾਮਾਈਨ ਅਤੇ ਭੰਗ ਬਰਾਮਦ ਕੀਤੀ ਗਈ। 32 ਸਾਲ ਦੇ ਵਿਅਕਤੀ ‘ਤੇ ਕਿਸੇ ਹੋਰ ਮਾਮਲੇ ’ਚ ਚੋਰੀ ਅਤੇ ਤੋੜਭੰਨ ਕਰਨ ਸਮੇਤ ਕਈ ਅਪਰਾਧਾਂ ਦੇ ਦੋਸ਼ ਚਲ ਰਹੇ ਸਨ, ਜਦੋਂ ਕਿ 34 ਸਾਲ ਦੇ ਵਿਅਕਤੀ ‘ਤੇ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਰੱਖਣ ਦਾ ਦੋਸ਼ ਲਗਾਇਆ ਗਿਆ। ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਯੋਲੋਂਡਾ ਇਕ ਰਾਤ ਪਹਿਲਾਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰ ਰਹੀ ਸੀ ਹਾਲਾਂਕਿ ਉਸ ਦੀ ਮੌਤ ਦਾ ਅਸਲ ਕਾਰਨ ਜਾਂਚ ਮਗਰੋਂ ਹੀ ਪਤਾ ਲੱਗ ਸਕੇਗਾ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ ਹੈ। ਉਸ ਦੇ ਫ਼ਿਊਨਰਲ ’ਚ ਪਰਿਵਾਰ ਦੀ ਮਦਦ ਕਰਨ ਲਈ ਗੋਫ਼ੰਡਮੀ ’ਤੇ ਦਾਨ ਕਰਨ ਦੀ ਅਪੀਲ ਵੀ ਕੀਤੀ ਗਈ ਹੈ।