ਮੈਲਬਰਨ: ਸਾਊਥ ਆਸਟ੍ਰੇਲੀਆ (SA) ਦੀ ਸੰਸਦ ਨੇ ਕੱਲ ਰਾਤ ਇੱਕ ਕਾਨੂੰਨ ਪਾਸ ਕੀਤਾ ਹੈ ਜਿਸ ਅਨੁਸਾਰ ਵਾਰ-ਵਾਰ ਘਰੇਲੂ ਹਿੰਸਾ ਦੇ ਅਪਰਾਧੀਆਂ ਨੂੰ ਦੇਸ਼ ਦੇ ਸਭ ਤੋਂ ਸਖਤ ਕਾਨੂੰਨਾਂ ਦਾ ਸਾਹਮਣਾ ਕਰਨਾ ਪਵੇਗਾ। ਨਵੇਂ ਕਾਨੂੰਨ ਅਨੁਸਾਰ ਜ਼ਮਾਨਤ ’ਤੇ ਚਲ ਰਹੇ ਜਿਹੜੇ ਅਪਰਾਧੀ ਨਿਯਮਾਂ ਨੂੰ ਤੋੜਦੇ ਹਨ ਉਨ੍ਹਾਂ ਨੂੰ ਇਲੈਕਟ੍ਰਾਨਿਕ ਨਿਗਰਾਨੀ ਅਤੇ ਸਖਤ ਘਰੇਲੂ ਨਜ਼ਰਬੰਦੀ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਮਜਬੂਰ ਕੀਤਾ ਜਾਵੇਗਾ। ਨਵੇਂ ਕਾਨੂੰਨ ਦਾ ਉਦੇਸ਼ ਘਰੇਲੂ ਅਤੇ ਪਰਿਵਾਰਕ ਹਿੰਸਾ ਤੋਂ ਬਚੇ ਲੋਕਾਂ ਦੀ ਬਿਹਤਰ ਰਾਖੀ ਕਰਨਾ ਹੈ। ਪ੍ਰੀਮੀਅਰ ਪੀਟਰ ਮਾਲਿਨੌਸਕਾਸ ਨੇ ਕਿਹਾ, ‘‘ਉਨ੍ਹਾਂ ਨੂੰ ਘਰ ‘ਚ ਰਹਿਣ ਲਈ ਮਜਬੂਰ ਕੀਤਾ ਜਾਵੇਗਾ।’’ ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਘਰੇਲੂ ਹਿੰਸਾ ਕਾਰਨ ਔਰਤਾਂ ਦੀਆਂ ਵੱਡੀ ਗਿਣਤੀ ਵਿੱਚ ਮੌਤਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ। SA ਦੇ ਅਟਾਰਨੀ ਜਨਰਲ ਕਯਾਮ ਮਾਹਰ ਨੇ ਕਿਹਾ ਕਿ ਹਰ ਸਾਲ ਲਗਭਗ 150 ਲੋਕਾਂ ਨੂੰ ਜ਼ਮਾਨਤ ਦੀਆਂ ਨਵੀਆਂ ਸ਼ਰਤਾਂ ਦੇ ਅਧੀਨ ਲਿਆਂਦਾ ਜਾਵੇਗਾ। ਘਰੇਲੂ ਹਿੰਸਾ ਤੋਂ ਬਚਣ ਲਈ ਮਦਦ 1800 737 732 ’ਤੇ ਕਾਲ ਕਰ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ।