ਮੈਲਬਰਨ: ਪੁਲਿਸ ਦੋ ਸ਼ੱਕੀਆਂ ਦੀ ਭਾਲ ’ਚ ਹੈ ਜੋ ਸਿਡਨੀ ਦੇ ਇਕ ਘਰ ’ਚ ਸੁੱਤੇ ਪਏ ਜੋੜੇ ਦੇ ਘਰ ’ਚ ਅੱਗ ਲਾ ਕੇ ਭੱਜ ਗਏ। ਪੀੜਤਾਂ ਨੂੰ ਬੁਰੀ ਤਰ੍ਹਾਂ ਝੁਲਸਣ ਤੋਂ ਬਾਅਦ ਹਸਪਤਾਲ ’ਚ ਦਾਖ਼ਲ ਕਰਵਾਉਣਾ ਪਿਆ ਸੀ। ਮਾਰਚ ਦੇ ਅਖ਼ੀਰ ’ਚ ਵਾਪਰੀ ਇਸ ਘਟਨਾ ’ਚ ਰਾਤ ਦੇ 2:10 ਵਜੇ ਸਿਡਨੀ ਦੀ ਫ਼ੇਅਰਲੈਂਡ ਵੈਸਟ ਦੀ ਕਿੰਗ ਸਟ੍ਰੀਟ ’ਚ 28 ਸਾਲ ਦੇ ਵਿਅਕਤੀ ਅਤੇ 33 ਸਾਲ ਦੀ ਔਰਤ ਦੇ ਘਰ ਅੱਗ ਲਗਾ ਦਿੱਤੀ ਗਈ ਸੀ। ਅੱਗ ਲੱਗਣ ਕਾਰਨ ਘਰ ਤਬਾਹ ਹੋ ਗਿਆ ਸੀ। ਪੁਲਿਸ ਨੇ ਕਿਹਾ ਹੈ ਕਿ ਅੱਗ ਜਾਣਬੁੱਝ ਕੇ ਲਗਾਈ ਗਈ ਸੀ ਪਰ ਪੀੜਤਾਂ ਨੇ ਦਸਿਆ ਕਿ ਉਨ੍ਹਾਂ ਨੂੰ ਘਰ ’ਚ ਰਹਿਣ ਲਈ ਆਇਆਂ ਨੂੰ ਇੱਕ ਸਾਲ ਵੀ ਨਹੀਂ ਹੋਇਆ ਹੈ। ਪੁਲਿਸ ਇਸ ਨੂੰ ਗ਼ਲਤ ਪਛਾਣ ਦਾ ਮਾਮਲਾ ਦੱਸ ਰਹੀ ਹੈ। ਪੁਲਿਸ ਨੇ ਦੋਸ਼ੀਆਂ ਦੀ ਪਛਾਣ ਲਈ CCTV ਫ਼ੁਟੇਜ ਜਾਰੀ ਕੀਤੀ ਹੈ ਜਿਸ ’ਚ ਦੋ ਕਾਲੇ ਕੱਪੜਿਆਂ ’ਚ ਵਿਅਕਤੀ ਪੈਟਰੋਲ ਪਾ ਕੇ ਘਰ ਨੂੰ ਅੱਗ ਲਗਾ ਕੇ ਹੋਂਡਾ HR-V ’ਚ ਭੱਜਦੇ ਦਿਸ ਰਹੇ ਹਨ।