ਵਿਵਾਦਾਂ ’ਚ ਘਿਰੇ ਨੈੱਟਵਰਕ ਸੈਵਨ ਦੇ ਡਾਇਰੈਕਟਰ ਕ੍ਰੇਗ ਮੈਕਫਰਸਨ ਨੇ ਦਿੱਤਾ ਅਸਤੀਫਾ, ਅਖ਼ਬਾਰ ਦੇ ਸੰਪਾਦਕ ਨਿਭਾਉਣਗੇ ਉਨ੍ਹਾਂ ਦੀ ਥਾਂ ਨਵੀਂ ਜ਼ਿੰਮੇਵਾਰੀ

ਮੈਲਬਰਨ: ਪਿਛਲੇ ਕੁੱਝ ਹਫ਼ਤੇ ਦੌਰਾਨ ਵਿਵਾਦਾਂ ਘਿਰੇ ਰਹਿਣ ਵਾਲੇ ‘ਨੈੱਟਵਰਕ ਸੈਵਨ’ ਦੇ ਨਿਊਜ਼ ਅਤੇ ਕਰੰਟ ਅਫੇਅਰਜ਼ ਦੇ ਡਾਇਰੈਕਟਰ ਕ੍ਰੇਗ ਮੈਕਫਰਸਨ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦਾ ਅਸਤੀਫਾ ਸਿਡਨੀ ਯੂਨੀਵਰਸਿਟੀ ਦੇ 20 ਸਾਲ ਦੇ ਵਿਦਿਆਰਥੀ ਨਾਲ ਜੁੜੇ ਮਾਣਹਾਨੀ ਦੇ ਕੇਸ ਦੇ ਨਿਪਟਾਰੇ ਤੋਂ ਬਾਅਦ ਆਇਆ ਹੈ, ਜਿਸ ਦੀ ਨੈੱਟਵਰਕ ਨੇ ਗਲਤ ਪਛਾਣ ਸਿਡਨੀ ਦੇ ਇੱਕ ਸ਼ਾਪਿੰਗ ਮਾਲ ’ਚ ਛੇ ਜਣਿਆਂ ਦਾ ਕਤਲ ਕਰਨ ਵਾਲੇ ਹਮਲਾਵਰ ਵਜੋਂ ਕਰ ਦਿੱਤੀ ਸੀ।

ਨੈੱਟਵਰਕ ਨੂੰ ਇਹ ਵੀ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਹੈ ਕਿ ਉਸ ਦੇ ਸਪਾਟਲਾਈਟ ਪ੍ਰੋਗਰਾਮ ਨੇ ਇੱਕ ਵਿਸ਼ੇਸ਼ ਇੰਟਰਵਿਊ ਤੋਂ ਪਹਿਲਾਂ ਨਸ਼ਿਆਂ ਅਤੇ ਸੈਕਸ ਵਰਕਰਾਂ ਨਾਲ ਸਬੰਧਤ ਖਰਚਿਆਂ ਲਈ ਬਰੂਸ ਲੇਹਰਮੈਨ ਨੂੰ ਭੁਗਤਾਨ ਕੀਤਾ ਸੀ। ਇੱਕ ਅਖਬਾਰ ਦੇ ਸੰਪਾਦਕ ਐਂਥਨੀ ਡੀ ਸੇਗਲੀ ਨੂੰ ਮੈਕਫਰਸਨ ਦੀ ਥਾਂ ਲੈਣਗੇ। ਨਵੇਂ ਨਿਰਦੇਸ਼ਕ ਵਜੋਂ, ਡੀ ਸੇਗਲੀ 7ਨਿਊਜ਼, ਸਨਰਾਈਜ਼, ਦਿ ਮਾਰਨਿੰਗ ਸ਼ੋਅ ਅਤੇ 7ਨਿਊਜ਼ ਸਪਾਟਲਾਈਟ ਵਰਗੇ ਪ੍ਰੋਗਰਾਮਾਂ ਦੀ ਨਿਗਰਾਨੀ ਕਰਨਗੇ। ਉਹ ਇਸ ਸਮੇਂ ‘ਦ ਵੈਸਟ ਆਸਟਰੇਲੀਨ’, ਦਿ ਸੰਡੇ ਟਾਈਮਜ਼, ਪਰਥਨਾਓ ਅਤੇ 19 ਰੀਜਨਲ ਅਖਬਾਰਾਂ ਦੇ ਮੁੱਖ ਸੰਪਾਦਕ ਹਨ, ਅਤੇ ਉਨ੍ਹਾਂ ਕੋਲ ਨਿਊਜ਼ ਕਾਰਪੋਰੇਸ਼ਨ ਵਿੱਚ 11 ਸਾਲਾਂ ਤੋਂ ਵੱਧ ਦਾ ਤਜਰਬਾ ਹੈ।

Leave a Comment