ਮੈਲਬਰਨ: ਆਸਟ੍ਰੇਲੀਆ ’ਚ ਔਰਤਾਂ ਵਿਰੁਧ ਲਗਾਤਾਰ ਜਾਰੀ ਹਿੰਸਾ ਦੇ ਵਿਰੋਧ ’ਚ ਦੇਸ਼ ਦੀਆਂ ਇਕ ਦਰਜਨ ਥਾਵਾਂ ‘ਤੇ ਆਉਣ ਵਾਲੇ ਦਿਨਾਂ ਵਿਚ ਰੈਲੀਆਂ ਹੋਣ ਜਾ ਰਹੀਆਂ ਹਨ। ਔਰਤਾਂ ਵਿਰੁੱਧ ਹਿੰਸਾ ‘ਤੇ ਸਰਕਾਰ ਦੀ ਕਾਰਵਾਈ ਦੀ ਮੰਗ ਕਰਨ ਵਾਲੀਆਂ ਰੈਲੀਆਂ ਦੀ ਸ਼ੁਰੂਆਤ ਅੱਜ ਦੁਪਹਿਰ ਬੈਲਾਰੇਟ ਅਤੇ ਨਿਊਕੈਸਲ ਤੋਂ ਹੋਈ। ਇਹ ਵਿਰੋਧ ਪ੍ਰਦਰਸ਼ਨ ਔਰਤਾਂ ਵਿਰੁੱਧ ਕਥਿਤ ਹਿੰਸਕ ਅਪਰਾਧਾਂ ਦੀ ਲੜੀ ਤੋਂ ਬਾਅਦ ਸ਼ੁਰੂ ਹੋਏ ਹਨ, ਜਿਸ ਵਿੱਚ ਇਸ ਸਾਲ ਦੇ ਪਹਿਲੇ 114 ਦਿਨਾਂ ਵਿਚ 26 ਔਰਤਾਂ ਦਾ ਕਤਲ ਹੋ ਚੁੱਕਾ ਹੈ, ਅਤੇ ਸੋਮਵਾਰ ਨੂੰ NSW ਦੇ ਫੋਰਬਸ ਟਾਊਨ ਵਿੱਚ 28 ਸਾਲ ਦੀ ਮੌਲੀ ਟਿਸਹਰਸਟ ਦੀ ਕਥਿਤ ਹੱਤਿਆ ਸ਼ਾਮਲ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਵੀ ਇਸੇ ਤਰ੍ਹਾਂ ਦੀ ਇੱਕ ਰੈਲੀ ਵਿੱਚ ਐਤਵਾਰ ਨੂੰ ਸ਼ਾਮਲ ਹੋਣ ਅਤੇ ਮਰਦਾਂ ਵੱਲੋਂ ਔਰਤਾਂ ਦੇ ਕਤਲ ਦੇ ਮੁੱਦੇ ਨੂੰ ਹੱਲ ਕਰਨ ਲਈ ਨੈਸ਼ਨਲ ਕੈਬਨਿਟ ਦੀ ਸ਼ਕਤੀ ਦੀ ਵਰਤੋਂ ਕਰਨ ਲਈ ਤਿਆਰ ਹਨ। ਫੈਡਰਲ ਕੋਲੀਜ਼ਨ ਅਤੇ ਕਈ ਪ੍ਰੀਮੀਅਰ ਇਸ ਮੁੱਦੇ ‘ਤੇ ਤੁਰੰਤ ਨੈਸ਼ਨਲ ਕੈਬਨਿਟ ਵੱਲੋਂ ਧਿਆਨ ਦੇਣ ਦੀ ਮੰਗ ਕਰ ਰਹੇ ਹਨ। ਅਲਬਾਨੀਜ਼ ਨੇ ਔਰਤਾਂ ਵਿਰੁੱਧ ਹਿੰਸਾ ਦਾ ਮੁਕਾਬਲਾ ਕਰਨ ਲਈ ਸਟੇਟ ਅਤੇ ਟੈਰੀਟੋਰੀ ਸਰਕਾਰਾਂ ਸਮੇਤ ਸਿਵਲ ਸੁਸਾਇਟੀ ਨਾਲ ਕੰਮ ਕਰਨ ਲਈ ਵਚਨਬੱਧ ਹਨ। ਆਸਟ੍ਰੇਲੀਆ ‘ਚ ਇਸ ਸਾਲ ਹਿੰਸਕ ਹਾਲਾਤ ‘ਚ ਮਾਰੀਆਂ ਗਈਆਂ ਔਰਤਾਂ ਦੀ ਗਿਣਤੀ ਹਰ ਚਾਰ ਦਿਨ ‘ਚ ਇਕ ਹੈ।