ਰਿਕਾਰਡ ਇਮੀਗ੍ਰੇਸ਼ਨ ਬਦੌਲਤ ਆਸਟ੍ਰੇਲੀਆ ’ਚ ਵਿਦੇਸ਼ੀ ਮੂਲ ਦੇ ਲੋਕਾਂ ਦੀ ਗਿਣਤੀ 1893 ਤੋਂ ਬਾਅਦ ਸਭ ਤੋਂ ਜ਼ਿਆਦਾ ਹੋਈ

ਮੈਲਬਰਨ: ਜੂਨ 2023 ਤੱਕ ਦੇ ਸਾਲ ਵਿੱਚ ਰਿਕਾਰਡ ਇਮੀਗ੍ਰੇਸ਼ਨ ਦੇ ਕਾਰਨ, 1893 ਤੋਂ ਬਾਅਦ ਪਹਿਲੀ ਵਾਰ ਵਿਦੇਸ਼ਾਂ ਵਿੱਚ ਪੈਦਾ ਹੋਏ ਆਸਟ੍ਰੇਲੀਆਈ ਲੋਕਾਂ ਦੀ ਹਿੱਸੇਦਾਰੀ ਕੁੱਲ ਵਸੋਂ ਦੇ 30٪ ਨੂੰ ਪਾਰ ਕਰ ਗਈ ਹੈ। 2023 ’ਚ ਆਸਟ੍ਰੇਲੀਆ ਅੰਦਰ ਵਿਦੇਸ਼ੀ ਮੂਲ ਦੇ 500,000 ਹੋਰ ਲੋਕ ਆ ਕੇ ਵਸੇ, ਜਿਸ ਨਾਲ ਦੇਸ਼ ਦੇ 2.66 ਕਰੋੜ ਲੋਕਾਂ ਵਿੱਚੋਂ ਵਿਦੇਸ਼ਾਂ ’ਚ ਜੰਮੇ ਲੋਕਾਂ ਦੀ ਕੁੱਲ ਗਿਣਤੀ 82 ਲੱਖ ਹੋ ਗਈ। 4,94,000 ਦਾ ਇਹ ਵਾਧਾ ਮਹਾਂਮਾਰੀ ਦੇ ਸਮੇਂ ਦੀਆਂ ਸਰਹੱਦੀ ਪਾਬੰਦੀਆਂ ਤੋਂ ਪੂਰੀ ਤਰ੍ਹਾਂ ਠੀਕ ਹੋਣ ਦਾ ਸੰਕੇਤ ਦਿੰਦਾ ਹੈ। ਵਿਦੇਸ਼ੀ ਮੂਲ ਦੇ ਸਭ ਤੋਂ ਜ਼ਿਆਦਾ ਲੋਕਾਂ ’ਚ ਇੰਗਲੈਂਡ ’ਚ ਜਨਮੇ ਲੋਕ ਹਨ। ਇਸ ਤੋਂ ਬਾਅਦ ਭਾਰਤ ਅਤੇ ਫਿਰ ਚੀਨ ਦਾ ਨੰਬਰ ਹੈ। ਹਾਲਾਂਕਿ ਭਾਰਤ ਅਤੇ ਇੰਗਲੈਂਡ ’ਚ ਜਨਮੇ ਲੋਕਾਂ ’ਚ ਇਹ ਫ਼ਰਕ ਘਟਦਾ ਜਾ ਰਿਹਾ ਹੈ। ਪਿਛਲੇ ਸਾਲ ਜੂਨ 2023 ਤੱਕ ਭਾਰਤੀ ਮੂਲ ਦੀ ਆਬਾਦੀ ’ਚ ਸਭ ਤੋਂ ਜ਼ਿਆਦਾ ਵਾਧਾ ਵੇਖਿਆ ਗਿਆ, ਜੋ 90,000 ਹੋਰ ਵੱਧ ਕੇ ਲਗਭਗ 8,46,000 ਹੋ ਗਈ। ਚੀਨ ਵਿਦੇਸ਼ਾਂ ਵਿੱਚ ਪੈਦਾ ਹੋਏ ਵਸਨੀਕਾਂ ਦਾ ਤੀਜਾ ਸਭ ਤੋਂ ਵੱਡਾ ਸਰੋਤ ਹੈ, ਜਿਸ ਵਿੱਚ 655,000 ਤੋਂ ਵੱਧ ਲੋਕ ਸ਼ਾਮਲ ਹਨ।

Leave a Comment