ਮੈਲਬਰਨ: ਵੇਕਲੇ ਦੇ ਇਕ ਚਰਚ ‘ਚ ਚਾਕੂ ਨਾਲ ਹਮਲੇ ਦੇ ਸ਼ਿਕਾਰ ਬਿਸ਼ਪ ਮਾਰ ਮਾਰੀ ਇਮੈਨੁਅਲ ਦਾ ਕਹਿਣਾ ਹੈ ਕਿ ਉਨ੍ਹਾਂ ’ਤੇ ਹਮਲੇ ਦੀ ਫੁਟੇਜ ਆਨਲਾਈਨ ਰਹਿਣੀ ਚਾਹੀਦੀ ਹੈ। ਅਦਾਲਤ ਨੇ ਹਮਲੇ ਦੀ ਫੁਟੇਜ ਨੂੰ ਲੈ ਕੇ ਈ-ਸੇਫਟੀ ਕਮਿਸ਼ਨਰ ਜੂਲੀ ਇਨਮੈਨ-ਗ੍ਰਾਂਟ ਅਤੇ ਸੋਸ਼ਲ ਮੀਡੀਆ ਪਲੇਟਫਾਰਮ X ਵਿਚਾਲੇ ਵਿਵਾਦ ‘ਤੇ ਵਿਚਾਰ ਕਰਨ ਲਈ ਬੁੱਧਵਾਰ ਨੂੰ ਦੁਬਾਰਾ ਬੈਠਕ ਕੀਤੀ ਸੀ। ਫੈਡਰਲ ਕੋਰਟ ਨੇ ਫ਼ੁਟੇਜ ਹਟਾਉਣ ਲਈ X ਨੂੰ 10 ਮਈ ਤਕ ਦਾ ਸਮਾਂ ਦਿਤਾ ਹੈ। ਸੋਮਵਾਰ ਨੂੰ ਜਸਟਿਸ ਜੈਫਰੀ ਕੇਨੇਟ ਨੇ X ਨੂੰ ਹੁਕਮ ਦਿੱਤਾ ਕਿ ਉਹ ਅਗਲੇ ਵਿਚਾਰ ਤੱਕ ਅਸਥਾਈ ਤੌਰ ‘ਤੇ ਇਨ੍ਹਾਂ ਪੋਸਟਾਂ ਨੂੰ ਸਾਰੀ ਦੁਨੀਆਂ ’ਚੋਂ ਲੁਕਾ ਲਵੇ। X ਨੇ ਆਸਟ੍ਰੇਲੀਆ ’ਚੋਂ ਤਾਂ ਵੀਡੀਓ ਹਟਾ ਲਿਆ ਸੀ ਪਰ ਬਾਕੀ ਦੇਸ਼ਾਂ ’ਚ ਹੁਕਮ ਦੀ ਤਾਮੀਲ ਨਹੀਂ ਕੀਤੀ ਸੀ। ਇਸ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਵੀ X ਦੇ ਮਾਲਕ ਐਲਨ ਮਸਕ ਦੀ ਤਿੱਖੀ ਆਲੋਚਨਾ ਕੀਤੀ ਸੀ ਅਤੇ ਉਨ੍ਹਾਂ ਨੂੰ ‘ਇੱਕ ਹੰਕਾਰੀ ਅਰਬਪਤੀ’ ਦਸਦਿਆਂ ਕਿਹਾ ਕਿ ਉਹ ਖ਼ੁਦ ਨੂੰ ਕਾਨੂੰਨ ਤੋਂ ਵੀ ਉੱਪਰ ਮੰਨਦੇ ਹਨ। ਅਦਾਲਤ ’ਚ ਮਾਮਲੇ ਦੀ ਅਗਲੀ ਸੁਣਵਾਈ 10 ਮਈ ਨੂੰ ਹੋਵੇਗੀ।