ਮੈਲਬਰਨ : ਸਿਡਨੀ ਦੇ ਇਕ ਚਰਚ ਵਿਚ ਬਿਸ਼ਪ ’ਤੇ ਚਾਕੂ ਨਾਲ ਕੀਤੇ ਗਏ ਹਮਲੇ ਦੇ ਮੱਦੇਨਜ਼ਰ 400 ਤੋਂ ਵੱਧ ਫ਼ੈਡਰਲ ਅਤੇ NSW ਪੁਲਿਸ ਮੁਲਾਜ਼ਮਾਂ ਨੇ ਛਾਪੇਮਾਰੀ ਕੀਤੀ ਅਤੇ ਇਸ ਘਟਨਾ ਨਾਲ ਜੁੜੇ ਸੱਤ ਨਾਬਾਲਗਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਛਾਪੇ ਅੱਤਵਾਦ ਵਿਰੋਧੀ ਮੁਹਿੰਮ ਦਾ ਹਿੱਸਾ ਸਨ, ਪਰ ਆਸਟ੍ਰੇਲੀਆ ਵਿਚ ਤਿੰਨ ਮੁੱਖ ਇਸਲਾਮਿਕ ਸਮੂਹਾਂ ਨੂੰ ਇਨ੍ਹਾਂ ਛਾਪਿਆਂ ਦੇ ਸ਼ੁਰੂ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਸੂਚਿਤ ਕੀਤਾ ਗਿਆ ਸੀ, ਜਿਸ ਨਾਲ ਇਸਲਾਮਿਕ ਭਾਈਚਾਰਾ ਸਦਮੇ ’ਚ ਅਤੇ ਫ਼ਿਕਰਮੰਦ ਹੈ। ਇਸਲਾਮਿਕ ਸਮੂਹਾਂ ਨੇ ਪੁਲਿਸ ਵੱਲੋਂ ਨਾਬਾਲਗਾਂ ਵਿਰੁਧ ਸਖਤਾਈ ਵਰਤਣ ਅਤੇ ਭਾਈਚਾਰੇ ਦੇ ਬਜ਼ੁਰਗਾਂ ਅਤੇ ਸੰਗਠਨਾਂ ਦੀ ਸ਼ਮੂਲੀਅਤ ਦੀ ਘਾਟ ਦੀ ਆਲੋਚਨਾ ਕੀਤੀ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਨਿਰਾਸ਼ ਨੌਜਵਾਨਾਂ ਵਿੱਚ ਹਿੰਸਾ ਨੂੰ ਉਤਸ਼ਾਹਤ ਕਰਨ ਅਤੇ ਭਾਈਚਾਰਿਆਂ ’ਚ ਵੰਡੀਆਂ ਪੈਣ ਦਾ ਖਤਰਾ ਹੋ ਸਕਦਾ ਹੈ। ਚਾਕੂਬਾਜ਼ੀ ਮਾਰਨ ਦੀ ਇਸ ਘਟਨਾ ਤੋਂ ਬਾਅਦ ਚਰਚ ਦੇ ਬਾਹਰ ਦੰਗੇ ਹੋਏ ਸਨ, ਜਿਸ ਵਿਚ 50 ਤੋਂ ਵੱਧ ਪੁਲਿਸ ਅਧਿਕਾਰੀ ਜ਼ਖਮੀ ਹੋ ਗਏ ਸਨ ਅਤੇ ਪੁਲਿਸ ਦੀਆਂ ਕਈ ਕਾਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ। ਬਦਲੇ ਲਈ ਹਮਲਿਆਂ ਦਾ ਡਰ ਵਧਣ ‘ਤੇ ਧਾਰਮਿਕ ਆਗੂਆਂ ਨੇ ਭਾਈਚਾਰੇ ਦੀ ਸ਼ਾਂਤੀ ਨੂੰ ਯਕੀਨੀ ਬਣਾਉਣ ਲਈ ਪੁਲਿਸ ਅਤੇ ਰਾਜਨੀਤਿਕ ਨੇਤਾਵਾਂ ਨਾਲ ਨੇੜਿਓਂ ਗੱਲਬਾਤ ਕੀਤੀ।