ਮੈਲਬਰਨ: 2024 ਦੀ ਪਹਿਲੀ ਤਿਮਾਹੀ ਲਈ ਆਸਟ੍ਰੇਲੀਆਈ ਐਨਰਜੀ ਮਾਰਕੀਟ ਆਪਰੇਟਰ (AEMO) ਦੀ ਰਿਪੋਰਟ ਦਰਸਾਉਂਦੀ ਹੈ ਕਿ ਸਖ਼ਤ ਮੌਸਮ ਹਾਲਾਤ ਕਾਰਨ ਮੰਗ ਵਧਣ ਦੇ ਬਾਵਜੂਦ, ਬਿਜਲੀ ਦੀਆਂ ਹੋਲਸੇਲ ਸਪੌਟ ਕੀਮਤਾਂ 8٪ ਡਿੱਗ ਕੇ 76 ਡਾਲਰ ਪ੍ਰਤੀ ਮੈਗਾਵਾਟ ਹੋ ਗਈਆਂ। ਕੀਮਤਾਂ ’ਚ ਇਹ ਕਮੀ ਨਵਿਆਉਣਯੋਗ ਊਰਜਾ ਬਾਜ਼ਾਰ ਦੇ ਉਤਪਾਦਨ ’ਚ ਵਾਧੇ ਕਾਰਨ ਆਈ ਹੈ ਜੋ ਈਸਟ ਕੋਸਟ ਦੇ ਪਾਵਰ ਗ੍ਰਿਡ ਦਾ 39٪ ਹੈ, ਅਤੇ 2023 ਦੌਰਾਨ ਇਸ ’ਓ ਲਗਭਗ 2٪ ਦਾ ਵਾਧਾ ਹੋਇਆ ਹੈ।
AEMO ਦੀ ਕਾਰਜਕਾਰੀ ਜਨਰਲ ਮੈਨੇਜਰ, ਵਾਇਲੇਟ ਮੌਚੇਲੇਹ ਨੇ ਦੱਸਿਆ ਕਿ ਰਵਾਇਤੀ ਕੋਲੇ ਨਾਲ ਪੈਦਾ ਹੋਣ ਵਾਲੀ ਬਿਜਲੀ ਤੋਂ ਨਵਿਆਉਣਯੋਗ ਊਰਜਾ ਵੱਲ ਤਬਦੀਲੀ ਰਿਕਾਰਡ ਗਤੀ ਨਾਲ ਹੋ ਰਹੀ ਹੈ, ਜਿਸ ਨਾਲ ਕੀਮਤਾਂ ਘੱਟ ਹੋ ਰਹੀਆਂ ਹਨ ਅਤੇ ਪ੍ਰਦੂਸ਼ਣ ਘਟ ਰਿਹਾ ਹੈ। ਸੂਰਜੀ ਊਰਜਾ ਵਿੱਚ ਸਭ ਤੋਂ ਤੇਜ਼ੀ ਨਾਲ ਵਾਧਾ ਵੇਖਿਆ ਗਿਆ, ਖ਼ਾਸਕਰ NSW ਅਤੇ ਕੁਈਨਜ਼ਲੈਂਡ ਵਿੱਚ, ਪਿਛਲੇ ਸਾਲ ਦੇ ਮੁਕਾਬਲੇ ਉਤਪਾਦਨ ਵਿੱਚ 18٪ ਦਾ ਵਾਧਾ ਹੋਇਆ। ਹਵਾ ਤੋਂ ਪੈਦਾ ਹੋਣ ਵਾਲੀ ਬਿਜਲੀ ਅਤੇ ਗਰਿੱਡ-ਸਕੇਲ ਬੈਟਰੀਆਂ ਵਿੱਚ ਵੀ ਮਹੱਤਵਪੂਰਣ ਵਾਧਾ ਵੇਖਿਆ ਗਿਆ, ਜਿਸ ਨੇ ਬਿਜਲੀ ਦੀਆਂ ਕੀਮਤਾਂ ਵਿੱਚ ਗਿਰਾਵਟ ਦੇ ਰੁਝਾਨ ਵਿੱਚ ਯੋਗਦਾਨ ਪਾਇਆ।