ਮੈਲਬਰਨ: ਆਸਟ੍ਰੇਲੀਆ ਸਥਿਤ ABC ਨਿਊਜ਼ ਦੀ ਦੱਖਣੀ ਏਸ਼ੀਆ ਬਿਊਰੋ ਦੀ ਮੁਖੀ ਅਵਨੀ ਡਾਇਸ ਨੂੰ ਇੰਡੀਆ ’ਚ ਰਿਪੋਰਟਿੰਗ ਕਰਨ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਪਿਛਲੇ ਦਿਨੀਂ ਡਾਇਸ ਨੂੰ ਇੰਡੀਆ ਦੇ ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਨੇ ਫੋਨ ਕਾਲ ਰਾਹੀਂ ਦਸਿਆ ਸੀ ਕਿ ਉਸ ਦਾ ਨਿਯਮਤ ਵੀਜ਼ਾ ਹੋਰ ਅੱਗੇ ਨਹੀਂ ਵਧਾਇਆ ਜਾਵੇਗਾ। ਉਸ ਨੂੰ ਕਿਹਾ ਗਿਆ ਕਿ ਉਸ ਵੱਲੋਂ ਹਾਲ ਹੀ ’ਚ ਕੀਤੀ ਪੱਤਰਕਾਰੀ ਨੇ ਇਕ ਹੱਦ ਪਾਰ ਕਰ ਦਿੱਤੀ ਹੈ।
ਦਰਅਸਲ ਇੰਡੀਆ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਦੇਸ਼ ਅੰਦਰ ਯੂਟਿਊਬ ‘ਤੇ ਉਸ ਦੀ ਸਿੱਖਾਂ ਬਾਰੇ ਇੱਕ ਰਿਪੋਰਟ ’ਤੇ ਪਿਛਲੇ ਮਹੀਨੇ ਪਾਬੰਦੀ ਲਗਾ ਦਿੱਤੀ ਸੀ, ਜਿਸ ’ਚ ਪਿਛਲੇ ਸਾਲ ਕੈਨੇਡਾ ਵਿੱਚ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਕਾਂਡ ਨੂੰ ਕਵਰ ਕੀਤਾ ਗਿਆ ਸੀ। ਇਸ ਕਤਲ ਕਾਂਡ ’ਚ ਕੈਨੇਡਾ ਨੇ ਇੰਡੀਆ ਸਰਕਾਰ ਦੇ ਏਜੰਟਾਂ ‘ਤੇ ਉਸ ਦੇ ਕਤਲ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਇਆ ਸੀ। ਇਸ ਨੂੰ ਭਾਰਤ ‘ਚ ਯੂ-ਟਿਊਬ ‘ਤੇ ਬਲਾਕ ਕਰ ਦਿੱਤਾ ਗਿਆ ਸੀ।
ਹਾਲਾਂਕਿ ਆਸਟ੍ਰੇਲੀਆਈ ਡਿਪਲੋਮੈਟਾਂ ਅਤੇ ਵਿਦੇਸ਼ ਮੰਤਰੀ ਪੈਨੀ ਵੋਂਗ ਦੇ ਦਫਤਰ ਦੀ ਕਈ ਹਫਤਿਆਂ ਦੀ ਲਾਬਿੰਗ ਤੋਂ ਬਾਅਦ ਭਾਰਤ ਸਰਕਾਰ ਨੇ ਆਖਰਕਾਰ ਇਸ ਫੈਸਲੇ ਨੂੰ ਪਲਟ ਦਿੱਤਾ ਅਤੇ ਦੋ ਮਹੀਨਿਆਂ ਲਈ ਵੀਜ਼ਾ ਦਾ ਨਵੀਨੀਕਰਨ ਕਰ ਦਿੱਤਾ। ਪਰ ਉਸ ਨੇ ਫਿਰ ਵੀ ਆਸਟ੍ਰੇਲੀਆ ਪਰਤਣ ਦਾ ਫ਼ੈਸਲਾ ਕਰ ਲਿਆ ਕਿਉਂਕਿ ਉਸ ਦਾ ਕਹਿਣਾ ਹੈ ਕਿ ਇੰਡੀਆ ’ਚ ਉਸ ਨੂੰ ਆਪਣਾ ਕੰਮ ਕਰਨ ਲਈ ਸੰਘਰਸ਼ ਕਰਨਾ ਪੈ ਰਿਹਾ ਸੀ।
ਆਪਣੇ ਪੋਡਕਾਸਟ ’ਚ ਅਵਨੀ ਨੇ ਇਸ ਬਾਰੇ ਗੱਲ ਕਰਦਿਆਂ ਕਿਹਾ, ‘‘ਭਾਰਤ ਵਿੱਚ ਮੈਨੂੰ ਆਪਣਾ ਕੰਮ ਕਰਨਾ ਬਹੁਤ ਮੁਸ਼ਕਲ ਮਹਿਸੂਸ ਹੋ ਰਿਹਾ ਹੈ। ਮੈਨੂੰ ਮੋਦੀ ਦੀ ਪਾਰਟੀ ਵੱਲੋਂ ਚਲਾਏ ਜਾ ਰਹੇ ਜਨਤਕ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ, ਸਰਕਾਰ ਮੈਨੂੰ ਚੋਣਾਂ ਨੂੰ ਕਵਰ ਕਰਨ ਲਈ ਲੋੜੀਂਦੇ ਪਾਸ ਵੀ ਨਹੀਂ ਦਿੰਦੀ। ਨਰਿੰਦਰ ਮੋਦੀ ਸਰਕਾਰ ਨੇ ਮੈਨੂੰ ਇੰਨਾ ਅਸਹਿਜ ਮਹਿਸੂਸ ਕਰਵਾਇਆ ਹੈ ਕਿ ਅਸੀਂ ਇੱਥੋਂ ਜਾਣ ਦਾ ਫੈਸਲਾ ਕਰ ਲਿਆ।’’ ਉਸ ਨੇ ਕਿਹਾ ਕਿ ਇਸ ਘਟਨਾ ਦੀ ਜਾਂਚ ਦੌਰਾਨ ABC ਦੀ ਟੀਮ ਨੂੰ ਭਾਰਤੀ ਅਧਿਕਾਰੀਆਂ ਦੇ ਦਬਾਅ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਹਾਲ ਹੀ ਦੇ ਮਹੀਨਿਆਂ ਵਿੱਚ ਕੈਨੇਡਾ ’ਚ ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਰਿਪੋਰਟ ਕਰਨ ਵਾਲੇ ਅੰਤਰਰਾਸ਼ਟਰੀ ਮੀਡੀਆ ‘ਤੇ ਇੰਡੀਆ ਸਰਕਾਰ ਨੇ ਸਖ਼ਤ ਕਾਰਵਾਈ ਕੀਤੀ ਹੈ।
ABC ਦੇ ਪ੍ਰਬੰਧ ਨਿਰਦੇਸ਼ਕ ਡੇਵਿਡ ਐਂਡਰਸਨ ਨੇ ਕਿਹਾ ਕਿ ਬਰੋਡਕਾਸਟਰ ਅਵਨੀ ਡਾਇਸ ਦੀ ਰਿਪੋਰਟਿੰਗ ਦੇ ਨਾਲ ਖੜ੍ਹਾ ਹੈ ਅਤੇ ਉਸ ਦੀ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਰਿਪੋਰਟਿੰਗ ਦਾ ਪੂਰੀ ਤਰ੍ਹਾਂ ਸਮਰਥਨ ਕਰਦਾ ਹੈ।