ਆਸਟ੍ਰੇਲੀਆ ’ਚ ਸੋਸ਼ਲ ਮੀਡੀਆ ’ਤੇ ਸ਼ਿਕੰਜਾ ਕੱਸਣ ਲਈ ਸਰਕਾਰ ਅਤੇ ਵਿਰੋਧੀ ਧਿਰ ਇਕਜੁਟ ਹੋਈਆਂ, ਜਾਣੋ ਕਿਉਂ ਹੋ ਰਹੀ ਐਸਨ ਮਸਕ ਦੀ ਭਰਵੀਂ ਆਲੋਚਨਾ

ਮੈਲਬਰਨ: ਆਸਟ੍ਰੇਲੀਆ ਵਿਚ ਸੋਸ਼ਲ ਮੀਡੀਆ ਕੰਪਨੀ ਐਕਸ (ਪਹਿਲਾਂ ਟਵਿੱਟਰ) ਦੇ ਖਿਲਾਫ ਸੰਭਾਵਿਤ ਤੌਰ ‘ਤੇ ਨੁਕਸਾਨਦੇਹ ਸਮੱਗਰੀ ਨੂੰ ਆਨਲਾਈਨ ਰੱਖਣ ਦੇ ਰੁਖ ਨੂੰ ਲੈ ਕੇ ਸਰਕਾਰ ਅਤੇ ਵਿਰੋਧੀ ਪਾਰਟੀਆਂ ਇਕਜੁਟ ਹੋ ਗਈਆਂ ਹਨ। ਇਸ ਨਾਲ ਸਿਡਨੀ ਦੇ ਸ਼ਾਪਿੰਗ ਸੈਂਟਰ ‘ਚ ਚਾਕੂ ਨਾਲ ਹੋਏ ਕਤਲੇਆਮ ਦੀ ਹਿੰਸਕ ਸਮੱਗਰੀ ਸਮੇਤ ਗ੍ਰਾਫਿਕ ਸਮੱਗਰੀ ‘ਤੇ ਸ਼ਿਕੰਜਾ ਕੱਸਣ ਲਈ ਨਵੇਂ ਸਿਰੇ ਤੋਂ ਜ਼ੋਰ ਦਿੱਤਾ ਗਿਆ ਹੈ।

ਸਰਕਾਰ ਵੱਲੋਂ ਚਾਕੂਬਾਜ਼ੀ ਦੇ ਵੀਡੀਓ ਟਵਿੱਟਰ ਤੋਂ ਹਟਾਉਣ ਦੀ ਗੱਲ ਨਾ ਮੰਨਣ ’ਤੇ ਐਕਸ ਦੇ CEO ਐਲਨ ਮਸਕ ਦੀ ਸਿਆਸਤਦਾਨਾਂ ਨੇ ਤਿੱਖੀ ਆਲੋਚਨਾ ਕੀਤੀ ਹੈ ਅਤੇ ਉਨ੍ਹਾਂ ਨੂੰ ‘ਹੰਕਾਰੀ ਅਰਬਪਤੀ’ ਕਿਹਾ ਹੈ। ਸਰਕਾਰ ਅਤੇ ਵਿਰੋਧੀ ਧਿਰ ਐਕਸ ਤੋਂ ਅਜਿਹੀ ਸਮੱਗਰੀ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰ ਰਹੇ ਹਨ ਅਤੇ ਸੋਸ਼ਲ ਮੀਡੀਆ ਵਿਰੁਧ ਕਾਨੂੰਨ ਸਖ਼ਤ ਕਰਨ ਦੀ ਤਿਆਰੀ ’ਚ ਹਨ। ਅਜਿਹੇ ਬਿੱਲ ’ਤੇ ਧਿਆਨ ਕੇਂਦਰ ਕੀਤਾ ਜਾ ਰਿਹਾ ਹੈ ਜਿਸ ਦਾ ਉਦੇਸ਼ ਆਨਲਾਈਨ ਗਲਤ ਜਾਣਕਾਰੀ ਨਾਲ ਨਜਿੱਠਣਾ ਹੈ। ਸਹਾਇਕ ਟਰੈਜ਼ਰਰ ਸਟੀਫਨ ਜੋਨਸ ਨੇ ਕਿਹਾ ਕਿ ਐਕਸ ਅਪਰਾਧੀਆਂ ਅਤੇ ਨਸ਼ਈਆਂ ਦਾ ਅੱਡਾ ਬਣ ਗਿਆ ਹੈ ਅਤੇ “ਟਰੋਲ ਕਰਨ ਵਾਲਿਆਂ, ਬੋਟਸ ਅਤੇ ਗਲਤ ਜਾਣਕਾਰੀ ਫੈਲਾਉਣ ਵਾਲਿਆਂ ਦੀ ਫੈਕਟਰੀ” ਬਣ ਗਿਆ ਹੈ।

ਜਦਕਿ ਐਕਸ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਲੋਕ ਕੀ ਵੇਖ ਸਕਦੇ ਹਨ ਇਸ ਬਾਰੇ ਸਰਕਾਰ ਹੁਕਮ ਨਹੀਂ ਦੇ ਸਕਦੀ। ਉਸ ਨੇ ਆਸਟ੍ਰੇਲੀਆ ਦੇ ਈਸੇਫ਼ਟੀ ਕਮਿਸ਼ਨਰ ਦੇ ਹੁਕਮਾਂ ਨੂੰ ਚੁਣੌਤੀ ਦੇਣ ਦਾ ਫ਼ੈਸਲਾ ਕੀਤਾ ਹੈ ਅਤੇ ਸੈਂਸਰਸ਼ਿਪ, ਆਸਟ੍ਰੇਲੀਆਈ ਕਾਨੂੰਨਾਂ ਦੇ ਅਧਿਕਾਰ ਖੇਤਰ ਅਤੇ ਵਿਦੇਸ਼ੀ ਉਪਭੋਗਤਾਵਾਂ ਦੀ ਪਸੰਦ ਨੂੰ ਕਾਬੂ ਕਰਨ ਨੂੰ ਚਿੰਤਾਜਨਕ ਦਸਿਆ ਹੈ।

Leave a Comment