ਤੁਹਾਡੇ ਘਰ ਤਾਂ ਨਹੀਂ ਆਇਆ ਮੁਫ਼ਤ ਦਾ ਸਾਮਾਨ! ਜਾਣੋ ਕਿਉਂ ਆਸਟ੍ਰੇਲੀਆ ’ਚ ਵਧ ਰਹੇ ਬ੍ਰਸ਼ਿੰਗ ਸਕੈਮ ਦੇ ਮਾਮਲੇ

ਮੈਲਬਰਨ : ਆਸਟ੍ਰੇਲੀਆ ਵਿੱਚ ਇੱਕ ਨਵੀਂ ਕਿਸਮ ਦਾ ਸਕੈਮ ਜਿਸ ਨੂੰ ‘ਬ੍ਰਸ਼ਿੰਗ’ ਵਜੋਂ ਜਾਣਿਆ ਜਾਂਦਾ ਹੈ, ਵਧ ਰਿਹਾ ਹੈ। ਇਸ ਸਕੈਮ ਵਿੱਚ ਆਨਲਾਈਨ ਵਿਕਰੇਤਾ ਲੋਕਾਂ ਦੇ ਘਰ ਅਣਚਾਹੀਆਂ ਚੀਜ਼ਾਂ ਭੇਜਦੇ ਹਨ ਅਤੇ ਫਿਰ ਐਮਾਜ਼ੋਨ ਆਦਿ ਆਨਲਾਈਲ ਸੈਲਰਸ ’ਤੇ ਆਪਣੀ ਪ੍ਰੋਫਾਈਲ ਨੂੰ ਵਧੀਆ ਕਰਨ ਲਈ ਜਾਅਲੀ ਸਮੀਖਿਆਵਾਂ ਪੋਸਟ ਕਰਦੇ ਹਨ। ਹਾਲ ਹੀ ’ਚ ਤਾਸ਼ ਨਾਮ ਦੀ ਸਿਡਨੀ ਦੀ ਵਸਨੀਕ ਨੂੰ ਇੱਕ ਪੈਕੇਜ ਮਿਲਿਆ ਜਿਸ ਵਿੱਚ ਸਸਤੇ ਕੱਪੜਿਆਂ ਦੀਆਂ ਚੀਜ਼ਾਂ ਸਨ ਜੋ ਉਸ ਨੇ ਆਰਡਰ ਨਹੀਂ ਕੀਤੀਆਂ ਸਨ। ਉਸ ਨੇ ਇੱਕ ਸਥਾਨਕ ਫੇਸਬੁੱਕ ਕਮਿਊਨਿਟੀ ਗਰੁੱਪ ‘ਤੇ ਆਪਣੇ ਤਜਰਬੇ ਬਾਰੇ ਪੋਸਟ ਕੀਤਾ ਅਤੇ ਪਾਇਆ ਕਿ ਹੋਰ ਔਰਤਾਂ ਨਾਲ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ। ਸਾਈਬਰ ਸੁਰੱਖਿਆ ਮਾਹਰ ਸਾਈਮਨ ਸਮਿਥ ਨੇ ਦੱਸਿਆ ਕਿ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ‘ਚ ਬ੍ਰਸ਼ਿੰਗ ਸਕੈਮ ਸਾਹਮਣੇ ਆਏ ਸਨ ਅਤੇ ਉਦੋਂ ਤੋਂ ਇਹ ਜ਼ਿਆਦਾ ਪ੍ਰਚਲਿਤ ਹੋ ਗਏ ਹਨ। ਹਾਲਾਂਕਿ ਬ੍ਰਸ਼ਿੰਗ ਸਕੈਮ ਮੁਕਾਬਲਤਨ ਨਰਮ ਹੁੰਦੇ ਹਨ, ਉਹ ਇੱਕ ਚੇਤਾਵਨੀ ਸੰਕੇਤ ਹੋ ਸਕਦੇ ਹਨ ਕਿ ਧੋਖਾਧੜੀ ਕਰਨ ਵਾਲਿਆਂ ਕੋਲ ਤੁਹਾਡੇ ਨਾਮ ਅਤੇ ਪਤੇ ਵਰਗੇ ਨਿੱਜੀ ਵੇਰਵਿਆਂ ਤੱਕ ਪਹੁੰਚ ਹੈ। ਜੇ ਇਹ ਜਾਣਕਾਰੀ ਹੋਰ ਨਿੱਜੀ ਵੇਰਵਿਆਂ ਨਾਲ ਜੁੜੀ ਹੋਈ ਹੈ, ਜਿਵੇਂ ਕਿ ਕਿਸੇ ਵਿਅਕਤੀ ਦੀ ਜਨਮ ਤਾਰੀਖ, ਤਾਂ ਸਥਿਤੀ ਕਿਤੇ ਜ਼ਿਆਦਾ ਗੰਭੀਰ ਹੋ ਸਕਦੀ ਹੈ। ਇਸ ਲਈ ਲੋਕਾਂ ਨੂੰ ਸੋਸ਼ਲ ਮੀਡੀਆ ਤੋਂ ਆਪਣੇ ਪਤੇ ਸਮੇਤ ਨਿਜੀ ਵੇਰਵਿਆਂ ਨੂੰ ਹਟਾਉਣ ਦੀ ਸਲਾਹ ਦਿਤੀ ਜਾਂਦੀ ਹੈ।

Leave a Comment