ਆਸਟ੍ਰੇਲੀਆਈ ਵਿਅਕਤੀ ਦੀ ਇੰਡੀਆ ’ਚ ਮੌਤ, ਪਰਿਵਾਰ ਨੇ ਲਾਸ਼ ਨੂੰ ਲਿਆਉਣ ’ਚ ਪ੍ਰਗਟਾਈ ਅਸਮਰਥਾ, ਦਾਹ ਸੰਸਕਾਰ ਕਰ ਕੇ ਰਾਖ ਵਾਪਸ ਭੇਜਣ ਦੀ ਕੀਤੀ ਬੇਨਤੀ

ਮੈਲਬਰਨ: ਇੰਡੀਆ ’ਚ ਕੰਮ ਦੇ ਸਿਲਸਿਲੇ ’ਚ ਗਏ ਇੱਕ ਆਸਟ੍ਰੇਲੀਆਈ ਵਿਅਕਤੀ ਦੀ ਇੰਦੌਰ ਸ਼ਹਿਰ ਦੇ ਇੱਕ ਹੋਟਲ ’ਚ ਮੌਤ ਹੋ ਗਈ। 53 ਸਾਲਾਂ ਦੇ ਗੈਵਿਨ ਐਂਡਰਿਊ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦਸਿਆ ਜਾ ਰਿਹਾ ਹੈ। ਤਿੰਨ ਦਿਨ ਪਹਿਲਾਂ ਮੰਗਲਵਾਰ ਨੂੰ ਹੋਟਲ ਦੇ ਆਪਣੇ ਕਮਰੇ ’ਚ ਮ੍ਰਿਤਕ ਮਿਲੇ ਐਂਡਰਿਊ ਦਾ ਸ਼ੁਕਰਵਾਰ ਨੂੰ ਪਰਿਵਾਰ ਦੀ ਸਹਿਮਤੀ ਨਾਲ ਅੰਤਮ ਸੰਸਕਾਰ ਕਰ ਦਿੱਤਾ ਗਿਆ। ਡੀ.ਸੀ.ਪੀ. ਅਨੁਸਾਰ ਐਂਡਰਿਊ ਦੇ ਪਰਿਵਾਰ ਨੇ ਕਿਹਾ ਸੀ ਕਿ ਉਹ ਏਨੀ ਛੇਤੀ ਇੰਡੀਆ ਆਉਣ ’ਚ ਅਸਮਰੱਥ ਹਨ ਇਸ ਲਈ ਆਸਟ੍ਰੇਲੀਆਈ ਨਾਗਰਿਕ ਦਾ ਇੰਦੌਰ ’ਚ ਦਾਹ ਸੰਸਕਾਰ ਕਰ ਕੇ ਉਨ੍ਹਾਂ ਨੂੰ ਰਾਖ ਭੇਜ ਦਿੱਤੀ ਜਾਵੇ। ਐਂਡਰਿਊ ਦੀ ਲਾਸ਼ ਦਾ ਪੋਸਟ ਮਾਰਟਮ ਕੀਤਾ ਗਿਆ ਅਤੇ ਇਸ ਤੋਂ ਬਾਅਦ ਹਿੰਦੂ ਰਸਮਾਂ ਨਾਲ ਉਸ ਦਾ ਅੰਤਮ ਸੰਸਕਾਰ ਕੀਤਾ ਗਿਆ ਜਿਸ ਦੌਰਾਨ ਪੁਲਿਸ ਅਧਿਕਾਰੀਆਂ ਨਾਲ ਆਸਟ੍ਰੇਲੀਆ ਦੇ ਭਾਰਤ ਸਥਿਤ ਅੰਬੈਸੀ ਦੇ ਅਧਿਕਾਰੀ ਵੀ ਮੌਜੂਦ ਸਨ। ਐਂਡਰਿਊ ਦਾ ਵਿਸਰਾ ਨਮੂਨਾ ਜਾਂਚ ਲਈ ਸੁਰੱਖਿਅਤ ਰੱਖ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਐਂਡਰਿਊ ਇੱਕ ਸੋਲਰ ਪਾਵਰ ਪ੍ਰਾਜੈਕਟ ਦੇ ਸਿਲਸਿਲੇ ’ਚ ਮੱਧ ਪ੍ਰਦੇਸ਼ ਆਏ ਸਨ ਅਤੇ ਪਿਛਲੇ ਇੱਕ ਮਹੀਨੇ ਤੋਂ ਇੰਦੌਰ ਦੇ ਹੋਟਲ ’ਚ ਰੁਕੇ ਹੋਏ ਸਨ।

Leave a Comment