ਮੈਲਬਰਨ: ਮੈਲਬਰਨ ਦਾ ਇਕ ਹੋਰ ਪਾਰਕ ਕੈਂਸਰਕਾਰਕ ਐਸਬੈਸਟੋਸ ਮਿਲਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਹੈ। ਮੈਲਬਰਨ ਦੇ ਕੋਬਰਗ ਨਾਰਥ ’ਚ ਸਥਿਤ ਹੋਸਕੇਨ ਰਿਜ਼ਰਵ ‘ਚ ਹਾਲ ਹੀ ‘ਚ ਲੈਂਡਸਕੇਪਿੰਗ ਦੇ ਕੰਮ ਦੌਰਾਨ ਐਸਬੈਸਟੋਸ ਨਾਲ ਦੂਸ਼ਿਤ ਮਿੱਟੀ ਮਿਲੀ। ਇਸ ਵਾਰੀ ਜ਼ਹਿਰੀਲਾ ਐਸਬੈਸਟੋਸ ਮਿੱਟੀ ਵਿੱਚ ਮਿਲਿਆ ਪਾਇਆ ਗਿਆ ਹੈ ਨਾ ਕਿ ਸਾਈਟ ‘ਤੇ ਲਿਆਂਦੀ ਗਈ ਕਿਸੇ ਵੀ ਸਮੱਗਰੀ ਵਿੱਚ ਇਸ ਦਾ ਪਤਾ ਨਹੀਂ ਲਗਾਇਆ ਗਿਆ ਜਿਵੇਂ ਕਿ ਪਿਛਲੇ ਦਿਨੀਂ ਮੈਲਬਰਨ ਦੇ ਪੱਛਮ ’ਚ ਇੱਕ ਹੋਰ ਪਾਰਕ ’ਚ ਪਤਾ ਲੱਗਾ ਸੀ, ਜਿਸ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ। ਇਸੇ ਕਾਰਨ ਮੰਨਿਆ ਜਾਂਦਾ ਹੈ ਕਿ ਇਹ ਘਟਨਾ ਐਸਬੈਸਟੋਸ ਪ੍ਰਦੂਸ਼ਣ ਦੇ ਕਿਸੇ ਹੋਰ ਮਾਮਲਿਆਂ ਨਾਲ ਸਬੰਧਤ ਨਹੀਂ ਹੈ। ਕੋਬਰਗ ’ਚ ਮਿਲਿਆ ਐਸਬੈਸਟੋਸ ਗੈਰ-ਫ੍ਰੀਏਬਲ ਹੈ, ਜਿਸ ਦਾ ਮਤਲਬ ਹੈ ਕਿ ਇਹ ਠੋਸ ਹੈ ਅਤੇ ਇਸ ਨੂੰ ਤੋੜਿਆ ਜਾਂ ਹਵਾ ਵਿੱਚ ਛੱਡਿਆ ਨਹੀਂ ਜਾ ਸਕਦਾ। ਫਿਰ ਵੀ ਪਾਰਕ ਨੇੜੇ ਰਹਿਣ ਵਾਲੇ ਲੋਕਾਂ ਨੇ ਅਹਿਤਿਆਤ ਵੱਜੋਂ ਐਸਬੈਸਟੋਸ ਤੋਂ ਬਚਾਅ ਲਈ ਮਾਸਕ ਪਾਉਣੇ ਸ਼ੁਰੂ ਕਰ ਦਿੱਤੇ ਹਨ। ਪ੍ਰਦੂਸ਼ਿਤ ਖੇਤਰਾਂ ਸਮੇਤ ਜ਼ਿਆਦਾਤਰ ਰਿਜ਼ਰਵ ਜਨਵਰੀ 2024 ਤੋਂ ਜਨਤਾ ਲਈ ਬੰਦ ਹੈ। ਦੂਸ਼ਿਤ ਮਿੱਟੀ ਨੂੰ ਹਟਾਇਆ ਜਾ ਰਿਹਾ ਹੈ ਅਤੇ ਕੰਮ 31 ਮਈ ਤੱਕ ਪੂਰਾ ਹੋਣ ਦੀ ਉਮੀਦ ਹੈ।