ਮੈਲਬਰਨ: ਆਸਟ੍ਰੇਲੀਆ ਦੇ ਸਟੇਟ ਨਿਊ ਸਾਊਥ ਵੇਲਜ਼ (NSW) ‘ਚ ਭਾਰੀ ਮੀਂਹ ਜਾਰੀ ਹੈ। ਪੂਰੇ ਸਟੇਟ ’ਚ ਰਾਤ ਭਰ ਤੇਜ਼ ਮੀਂਹ ਪਿਆ, ਸਿਡਨੀ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਹੋਇਆ। 11 ਰੇਲ ਲਾਈਨਾਂ ਨੂੰ ਜੋੜਨ ਵਾਲੇ ਟਰਾਂਸਪੋਰਟ ਹੱਬ, ਰੈੱਡਫਰਨ ਸਟੇਸ਼ਨ ‘ਤੇ ਮੀਂਹ ਕਾਰਨ ਸਾਜ਼-ਸਾਮਾਨ ਨੂੰ ਨੁਕਸਾਨ ਪਹੁੰਚਿਆ ਹੈ। ਸੜਕਾਂ ’ਤੇ ਮੀਂਹ ਦਾ ਪਾਣੀ ਜਮ੍ਹਾਂ ਹੋਣ ਕਾਰਨ ਆਵਾਜਾਈ ਮੁਸ਼ਕਲ ਹੋ ਗਈ ਹੈ। ਲਗਾਤਾਰ ਭਾਰੀ ਮੀਂਹ ਪੈਣ ਕਾਰਨ ਸਿਡਨੀ ਹਵਾਈ ਅੱਡੇ ‘ਤੇ 100 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਆਸਟ੍ਰੇਲੀਆਈ ਮੌਸਮ ਵਿਗਿਆਨ ਬਿਊਰੋ ਅਨੁਸਾਰ ਇਲਾਵਾਰਾ ਐਸਕਾਰਪਮੈਂਟ ਅਤੇ ਗ੍ਰੇਟਰ ਸਿਡਨੀ ਖੇਤਰ ਦੇ ਅੰਦਰੂਨੀ ਹਿੱਸਿਆਂ ਦੇ ਨਾਲ-ਨਾਲ ਸਭ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਜਿੱਥੇ 300 ਮਿਲੀਮੀਟਰ ਤੱਕ ਮੀਂਹ ਪੈ ਸਕਦਾ ਹੈ, ਜਿੱਥੇ ਪਹਿਲਾਂ ਹੀ ਪਿਛਲੇ 24 ਘੰਟਿਆਂ ਦੌਰਾਨ 100mm ਮੀਂਹ ਪੈ ਚੁੱਕਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿਡਨੀ ਦੀ 80 ਫੀਸਦੀ ਪਾਣੀ ਦੀ ਸਪਲਾਈ ਕਰਨ ਵਾਲਾ ਵਾਰਗਾੰਬਾ ਡੈਮ ਤੂਫਾਨ ਦੇ ਘੱਟ ਹੋਣ ਤੋਂ ਬਾਅਦ ਸੋਮਵਾਰ ਨੂੰ ਪਾਣੀ ਨਾਲ ਭਰਨ ਤੋਂ ਬਾਅਦ ਛਲਕ ਸਕਦਾ ਹੈ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ’ਚ ਹੜ੍ਹ ਆ ਸਕਦਾ ਹੈ।