ਮੈਲਬਰਨ: ਲਾਈਫ਼ਸੇਵਿੰਗ ਅਥਾਰਟੀਆਂ ਦਾ ਕਹਿਣਾ ਹੈ ਕਿ ਪੂਲ ‘ਚ ਡਿੱਗੇ ਇਕ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਇਕ ਪੰਜਾਬੀ ਮੂਲ ਦੇ ਵਿਅਕਤੀ ਅਤੇ ਉਸ ਦੇ ਪਿਤਾ ਦੀ ਦੁਖਦਾਈ ਮੌਤ ਤੋਂ ਬਾਅਦ ਹੋਟਲਾਂ ਦੇ ਪੂਲਾਂ ‘ਚ ਸੁਰੱਖਿਆ ਉਪਾਵਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਰਾਇਲ ਲਾਈਫ ਸੇਵਿੰਗ ਦੇ ਮੁੱਖ ਕਾਰਜਕਾਰੀ ਜਸਟਿਨ ਸਕਾਰ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਇਨ੍ਹਾਂ ਪੂਲਾਂ ਦੇ ਸੁਰੱਖਿਆ ਹਦਾਇਤਾਂ ‘ਤੇ ਹੋਰ ਨੇੜਿਓਂ ਨਜ਼ਰ ਰੱਖਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਹਰ ਉਮਰ ਦੇ ਲੋਕਾਂ ਲਈ ਤੈਰਾਕੀ ਦੇ ਹੁਨਰ ਸਿੱਖਣਾ ਅਤੇ ਛੋਟੇ ਬੱਚਿਆਂ ਦੀ ਪਾਣੀ ਨੇੜੇ ਲਗਾਤਾਰ ਨਿਗਰਾਨੀ ਕਰਨਾ ਮਹੱਤਵਪੂਰਨ ਹੈ। ਸਕਾਰ ਨੇ ਕਿਹਾ ਕਿ ਮਾਰਚ ਵਿਚ ਦੇਸ਼ ਭਰ ਵਿਚ ਡੁੱਬਣ ਨਾਲ ਘੱਟੋ ਘੱਟ 34 ਮੌਤਾਂ ਹੋਈਆਂ ਸਨ। 2023/2024 ਦੀਆਂ ਗਰਮੀਆਂ ਦੇ ਮਹੀਨਿਆਂ ਵਿੱਚ, 99 ਲੋਕ ਡੁੱਬ ਗਏ।
ਪ੍ਰੀਮੀਅਰ ਜੈਸਿੰਟਾ ਐਲਨ ਨੇ ਕਿਹਾ ਕਿ ਵਿਕਟੋਰੀਆ ਪਹਿਲਾਂ ਹੀ ਪਾਣੀ ’ਚ ਲੋਕਾਂ ਦੀ ਸੁਰੱਖਿਆ ਲਈ ਕਈ ਪ੍ਰੋਗਰਾਮ ਚਲਾਉਂਦੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਬਾਲਗਾਂ ਅਤੇ ਵਿਦੇਸ਼ੀ ਮੂਲ ਦੇ ਲੋਕਾਂ ਨੂੰ ਤੈਰਨਾ ਸਿਖਾਉਣ ਲਈ ਹੋਰ ਕੰਮ ਕਰਨ ਦੀ ਜ਼ਰੂਰਤ ਹੈ ਤਾਂ ਉਨ੍ਹਾਂ ਕਿਹਾ, ‘‘ਮੈਂ ਨਿਸ਼ਚਤ ਤੌਰ ‘ਤੇ ਹਰ ਕਿਸੇ ਨੂੰ ਪਾਣੀ ਦੇ ਆਲੇ ਦੁਆਲੇ ਸੁਰੱਖਿਅਤ ਰਹਿਣ ਲਈ ਉਤਸ਼ਾਹਤ ਕਰਾਂਗੀ।’’