ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ `ਚ ਸੰਪੂਰਨ ਹੋਈਆਂ ਮਹੱਤਵਪੂਰਨ 36ਵੀਂਆਂ ਆਸਟ੍ਰੇਲੀਅਨ ਸਿੱਖ ਗੇਮਜ਼ ਬਾਰੇ ਆਸਟ੍ਰੇਲੀਆ ਦੇ ਮੇਨ ਸਟਰੀਮ ਮੀਡੀਆ ‘7 NEWS ਐਡੀਲੇਡ’ ਵੱਲੋਂ ਕੀਤੀ ਗਈ ਨਾਂਹ-ਪੱਖੀ ਰਿਪੋਰਟ ਨੂੰ ਬਹੁਤ ਹੀ ਮੰਦਭਾਗੀ ਮੰਨਿਆ ਜਾ ਰਿਹਾ ਹੈ। ਜਿਸ ਕਰਕੇ ਪੰਜਾਬੀ-ਸਿੱਖ ਭਾਈਚਾਰਾ ਦੋਸ਼ ਲਾ ਰਿਹਾ ਹੈ ਕਿ ਅਜਿਹੇ ਵਰਤਾਰੇ ’ਚੋਂ ਨਸਲੀ ਵਿਕਤਰੇ ਦੀ ਬੋਅ ਮਾਰ ਰਹੀ ਹੈ।
ਦਰਅਸਲ 29 ਤੋਂ 31 ਮਾਰਚ ਤੱਕ ਚੱਲੇ ਤਿੰਨ ਰੋਜ਼ਾ ‘ਮੈਗਾ ਈਵੈਂਟ’ ਬਾਰੇ ਮੀਡੀਆ ਕੁਆਰਡੀਨੇਟਰ ਮਿੰਟੂ ਬਰਾੜ ਦਾ ਤਰਕ ਹੈ ਕਿ 31 ਮਾਰਚ ਨੂੰ ਦੇਰ ਸ਼ਾਮ ਤੱਕ ਚੱਲਣ ਕਰਕੇ ਖੇਡ ਗਰਾਊਂਡਾਂ ਦੀ ਸਫ਼ਾਈ ਅਗਲੇ ਦਿਨ ਹੋਣੀ ਹੀ ਸੰਭਵ ਸੀ ਅਤੇ ਅਕਸਰ ਅਜਿਹਾ ਹੀ ਹੁੰਦਾ ਹੈ। ਪਰ ‘ਮੇਨ ਸਟਰੀਮ ਮੀਡੀਆ’ ਨੇ ਜਾਣਬੁੱਝ ਕੇ ਨਾਂਹ-ਪੱਖੀ ਰਿਪੋਰਟ ਕੀਤੀ। ਜਦੋਂ ਕਿ ਇੱਕ ਲੱਖ ਦਰਸ਼ਕਾਂ ਦੇ ਇਕੱਠ ਤੇ ਹਜ਼ਾਰਾਂ ਖਿਡਾਰੀਆਂ ਵੱਲੋਂ ਕੀਤੇ ਗਏ ਖੇਡ ਪ੍ਰਦਰਸ਼ਨ ਅਤੇ ਲੋਕਲ ਇਕੌਨਮੀ ਨੂੰ ਲੱਖਾਂ ਡਾਲਰ ਦਾ ਹੁਲਾਰਾ ਦੇਣ ਵਾਲੇ ਪੱਖ ਨੂੰ ਬਿਲਕੁਲ ਨਜ਼ਰ-ਅੰਦਾਜ਼ ਕੀਤਾ ਗਿਆ ਹੈ।
ਅਜਿਹੀ ਹੀ ਪ੍ਰਤੀਕ੍ਰਿਰਿਆ ‘ਕਮਿਊਨਟੀ ਹੀਰੋ ਐਵਾਰਡ’ ਪ੍ਰਾਪਤ ਕਰਨ ਵਾਲੇ ਸਿਡਨੀ ਦੇ ਕਮਿਊਨਿਟੀ ਆਗੂ ਅਮਰ ਸਿੰਘ ਨੇ ਪ੍ਰਗਟ ਕੀਤੀ ਹੈ ਕਿ ਹੋਰਨਾਂ ਥਾਵਾਂ `ਤੇ ਲੱਗੇ ਕੂੜੇ ਦੇ ਢੇਰ ਮੇਨ ਸਟਰੀਮ ਮੀਡੀਆ ਨੂੰ ਨਜ਼ਰ ਕਿਉਂ ਨਹੀਂ ਆਉਂਦੇ? ਸਿਰਫ਼ ਸਿੱਖ ਗੇਮਜ਼ ਦੇ ਈਵੈਂਟ ਨੂੰ ਹੀ ਕਿਉਂ ਨੋਟਿਸ ਕੀਤਾ ਗਿਆ ਹੈ ?
ਅਜਿਹੇ ਹੀ ਵਿਚਾਰ ਪੰਜਾਬੀ-ਸਿੱਖ ਭਾਈਚਾਰੇ ਦੇ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਰੋਹ ਭਰੇ ਰੂਪ `ਚ ਪ੍ਰਗਟ ਕੀਤੇ ਹਨ ਕਿ ਜਦੋਂ ਮਿਥੇ ਸਮੇਂ `ਤੇ ਅਗਲੇ ਦਿਨ ਤੱਕ ਸਾਫ਼-ਸਫ਼ਾਈ ਦਾ ਸਾਰਾ ਕੰਮ ਮੁਕੰਮਲ ਹੋ ਜਾਣਾ ਸੀ ਤਾਂ ਅਜਿਹੀ ਰਿਪੋਰਟ ਦੀ ਕੀ ਲੋੜ ਸੀ?
ਬਿਨਾ ਸ਼ੱਕ, ਅਜਿਹੇ ਵਰਤਾਰੇ ਇਤਿਹਾਸ `ਤੇ ਝਾਤ ਮਾਰਨ ਲਈ ਮਜਬੂਰ ਕਰਦੇ ਹਨ ਅਤੇ ਆਸਟ੍ਰੇਲੀਆ ਦੀ ‘ਵਾਈਟ ਪਾਲਿਸੀ’ ਦੀ ਯਾਦ ਕਰਵਾ ਰਹੇ ਹਨ। 7NEWS ਵੱਲੋਂ ਮਿਥ ਕੇ ਕੀਤੀਆਂ ਗਈਆਂ ਅਜਿਹੀਆਂ ਇੱਕਪਾਸੜ ਰਿਪੋਰਟਾਂ ਮੇਨ ਸਟਰੀਮ ਮੀਡੀਆ ਦੀ ਅਜਿਹੀ ਮਾਨਸਿਕਤਾ ਦਾ ਖੁਲਾਸਾ ਵੀ ਕਰ ਰਹੀਆਂ ਹਨ, ਜੋ ਅਜੇ ਵੀ ਤੰਗ ਦਿਲੀ ’ਚੋਂ ਬਾਹਰ ਆਉਣ ਲਈ ਕੋਸ਼ਿਸ਼ ਨਹੀਂ ਕਰ ਰਿਹਾ। ਮੇਰੇ ਨਾਲ ਗੱਲਬਾਤ ਕਰਦਿਆਂ ਇਸ ਗੱਲ ਦੀ ਹਾਮੀ ਤਿੰਨ-ਚਾਰ ਹਫ਼ਤੇ ਪਹਿਲਾਂ ਮੈਲਬਰਨ ਦੀ ਇੱਕ ਗੋਰੀ ਕੁੜੀ ਨੇ ਵੀ ਭਰੀ ਸੀ, ਜੋ ਮੈਲਬਰਨ ਦੀ ਇੱਕ ਯੂਨੀਵਰਸਿਟੀ ’ਚੋਂ ਜਰਨਲਿਜ਼ਮ ਦੀ ਗਰੈਜੂਏਟ ਸੀ। ਉਸ ਨੇ ਵੀ 7NEWS ਦੇ ਇੱਕਪਾਸੜ ਤੇ ਸਚਾਈ ਤੋਂ ਦੂਰੀ ਵਾਲੀਆਂ ਰਿਪੋਰਟਾਂ ਦਾ ਮਜ਼ਾਕ ਉਡਾਇਆ ਸੀ ਕਿ ਇਸ ਅਦਾਰੇ ਦੀ ਭਰੋਸੇਯੋਗਤਾ ਸ਼ੱਕ ਦੇ ਘੇਰੇ `ਚ ਹੈ।
ਖ਼ੈਰ ! ਇੱਕ ਘਟਨਾ ਨੂੰ ਲੈ ਕੇ ਪੰਜਾਬੀ-ਸਿੱਖ ਭਾਈਚਾਰੇ ਨੇ ਝੂਠੀਆਂ ਰਿਪੋਰਟਾਂ ਦਾ ਪਰਦਾ ਚੁੱਕਣ ਲਈ ਜੋ ਇੱਕਜੁੱਟਤਾ ਵਿਖਾਈ ਹੈ, ਉਹ ਸ਼ਲਾਘਾਯੋਗ ਹੈ। ਆਸਟ੍ਰੇਲੀਅਨ ਸਿੱਖ ਗੇਮਜ਼ ਦੇ ਪ੍ਰਬੰਧਕਾਂ ਨੇ ਆਪਣੀ ਜ਼ਿੰਮੇਵਾਰੀ ਨਾਲ ਐਨ ਵਕਤ ਸਿਰ ਮੌਕਾ ਸੰਭਾਲ ਲਿਆ ਹੈ। ਇਸ ਦੇ ਬਾਵਜੂਦ ਭਵਿੱਖ `ਚ ਅਜਿਹੀ ਸ਼ਰਾਰਤਾਂ ਕਰਨ ਵਾਲਿਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਤਾਂ ਜੋ ਸਿੱਖ ਗੇਮਜ਼ ਦਾ ਅਸਲੀ ਸੁਨੇਹਾ ਮੇਨ ਸਟਰੀਮ ਲੋਕਾਂ ਤੱਕ ਪੁੱਜਦਾ ਰਹੇ ਅਤੇ ਪੰਜਾਬੀ-ਸਿੱਖ ਭਾਈਚਾਰੇ ਇੱਕਜੁੱਟ ਹੋ ਕੇ ਆਪਣੀ ਅਗਲੀ ਪੀੜ੍ਹੀ ਲਈ ਦ੍ਰਿੜ ਹੋ ਕੇ ਅੱਗੇ ਵਧਦਾ ਰਹੇ ਅਤੇ ਨਫ਼ਰਤ ਫ਼ੈਲਾਉਣ ਵਾਲਿਆਂ ਦਾ ਮੂੰਹ-ਤੋੜ ਜੁਆਬ ਦਿੰਦਾ ਰਹੇ।
ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
Sea7 Australia ਮੈਲਬਰਨ
0403 674 862