ਮੈਲਬਰਨ: ਆਪਣੀ ਪਤਨੀ ਦੀ ਹੱਤਿਆ ਕਰਨ ਅਤੇ ਉਸ ਦੀ ਲਾਸ਼ ਨੂੰ ਕੂੜੇ ਦੇ ਡੱਬੇ ਵਿੱਚ ਛੱਡ ਕੇ ਭਾਰਤ ਭੱਜਣ ਦਾ ਸ਼ੱਕੀ ਵਿਅਕਤੀ ਅਸ਼ੋਕ ਰਾਜ ਵੇਰੀਕੁਪੱਲਾ ਅਜੇ ਤਕ ਫ਼ਰਾਰ ਹੈ। ਚੈਤਨਿਆ ‘ਸ਼ਵੇਤਾ’ ਮਧਗਨੀ ਦੀ ਲਾਸ਼ 8 ਮਾਰਚ ਨੂੰ ਆਸਟ੍ਰੇਲੀਆ ਪੁਲਿਸ ਨੂੰ ਜੀਲੋਂਗ ਦੇ ਪੱਛਮ ’ਚ ਸਥਿਤ ਬਕਲੀ ਤੋਂ ਮਿਲੀ ਸੀ। ਹੁਣ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਅਸ਼ੋਕ ਰਾਜ ਦੇ ਮਾਪਿਆਂ ਨੇ ਆਪਣੇ ਕੁੜਮਾਂ ਯਾਨੀਕਿ ਚੈਤਨਿਆ ਦੇ ਮਾਪਿਆਂ ਨੂੰ ਮੁਆਵਜ਼ੇ ਵੱਜੋਂ ਚਾਰ ਏਕੜ ਜ਼ਮੀਨ ਦੇਣ ਦੀ ਇੱਕ ਅਸਾਧਾਰਣ ਪੇਸ਼ਕਸ਼ ਕੀਤੀ ਹੈ।
ਇਹ ਖੁਲਾਸਾ ਅਜਿਹੇ ਸਮੇਂ ਹੋਇਆ ਹੈ ਜਦੋਂ ਚੈਤਨਿਆ ਦੇ ਭਾਰਤ ਸਥਿਤ ਮਾਪਿਆਂ ਨੇ ਆਸਟ੍ਰੇਲੀਆਈ ਅਧਿਕਾਰੀਆਂ ‘ਤੇ ਨਿਸ਼ਾਨਾ ਸਾਧਿਆ ਹੈ, ਅਤੇ ਕਿਹਾ ਹੈ ਕਿ ਪੁਲਿਸ ਨੇ ਚੈਤਨਿਆ ਦੀ ਲਾਸ਼ ਨੂੰ ਉਸ ਦੇ ਜੱਦੀ ਘਰ ਵਾਪਸ ਲਿਆਉਣ ਵਿਚ ਉਨ੍ਹਾਂ ਦੀ ਮਦਦ ਕਰਨ ਲਈ ਕੋਈ ਕੋਸ਼ਿਸ਼ ਨਹੀਂ ਕੀਤੀ।
ਅਸ਼ੋਕ ਰਾਜ ਲਾਸ਼ ਮਿਲਣ ਤੋਂ ਪਹਿਲਾਂ ਹੀ ਆਪਣੇ ਚਾਰ ਸਾਲ ਦੇ ਬੇਟੇ ਆਇਰਾ ਨਾਲ ਭਾਰਤ ਆ ਚੁੱਕਾ ਸੀ। ਅਗਲੇ ਦਿਨ ਉਸਨੇ ਕਥਿਤ ਤੌਰ ‘ਤੇ ਮੁੰਡੇ ਨੂੰ ਚੈਤਨਿਆ ਦੇ ਭਾਰਤੀ ਸ਼ਹਿਰ ਹੈਦਰਾਬਾਦ ਵਿੱਚ ਉਸ ਦੇ ਮਾਪਿਆਂ ਦੇ ਘਰ ਛੱਡ ਦਿੱਤਾ। ਮੀਡੀਆ ’ਚ ਆਈਆਂ ਖ਼ਬਰਾਂ ਮੁਤਾਬਕ ਅਸ਼ੋਕ ਰਾਜ ਦੇ ਮਾਪੇ ਪਿਛਲੇ ਦਿਨੀਂ ਚੈਤਨਿਆ ਦੇ ਮਾਪਿਆਂ ਦੇ ਘਰ ਗਏ ਅਤੇ ਚੈਤਨਿਆ ਦੀ ਮਾਂ ਅਤੇ ਪਿਤਾ ਤੋਂ ਮੁਆਫੀ ਮੰਗੀ, ਉਨ੍ਹਾਂ ਨੂੰ ਅਤੇ ਚੈਤਨਿਆ ਦੇ ਪੁੱਤਰ ਆਰੀਆ ਨੂੰ ਚਾਰ ਏਕੜ ਜ਼ਮੀਨ ਦੀ ਪੇਸ਼ਕਸ਼ ਕੀਤੀ ਅਤੇ ਨਾਲ ਹੀ ਲੜਕੇ ਦੀ ਦੇਖਭਾਲ ਅਤੇ ਸਕੂਲ ਦੀ ਪੜ੍ਹਾਈ ਦਾ ਪੂਰਾ ਖ਼ਰਚ ਦੇਣ ਦੀ ਪੇਸ਼ਕਸ਼ ਕੀਤੀ।
ਮਾਧਗਨੀ ਦੇ ਨਾਨਾ ਕੇ. ਗੋਪਾਲ, ਜੋ ਆਪਣੇ ਮਾਪਿਆਂ ਨਾਲ ਰਹਿੰਦੇ ਹਨ, ਨੇ ‘ਡੇਲੀ ਮੇਲ ਆਸਟ੍ਰੇਲੀਆ’ ਨੂੰ ਦੱਸਿਆ ਕਿ ਇਹ ਮੁਲਾਕਾਤ ਕੁਝ ਦਿਨ ਪਹਿਲਾਂ ਹੋਈ ਸੀ। 80 ਸਾਲ ਦੇ ਬਜ਼ੁਰਗ ਨੇ ਕਿਹਾ, ‘‘ਉਹ ਆਪਣੇ ਪੋਤੇ ਦੀ ਦੇਖਭਾਲ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਉਸ ਲਈ 4 ਏਕੜ ਜ਼ਮੀਨ ਦੀ ਪੇਸ਼ਕਸ਼ ਕੀਤੀ।’’ ਅਸ਼ੋਕ ਰਾਜ ਦੇ ਮਾਪਿਆਂ ਨੇ ਇਸ ਘਟਨਾ ‘ਤੇ ਅਫਸੋਸ ਜ਼ਾਹਰ ਕੀਤਾ ਅਤੇ ਜੋ ਕੁਝ ਵੀ ਹੋਇਆ ਉਸ ਲਈ ਮੁਆਫੀ ਮੰਗੀ। ਗੋਪਾਲ ਨੇ ਕਿਹਾ ਕਿ ਉਨ੍ਹਾਂ ਨੇ ਆਰੀਆ ਨੂੰ ਨੇੜਲੇ ਸਕੂਲ ਵਿੱਚ ਦਾਖਲ ਵੀ ਕਰਵਾ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਅਸ਼ੋਕ ਰਾਜ ਕਿੱਥੇ ਹੈ ਪਰ ਉਨ੍ਹਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਉਹ ਫਰਾਰ ਹੈ।
ਇਸ ਤੋਂ ਪਹਿਲਾਂ ABC ਨੇ ਦੱਸਿਆ ਸੀ ਕਿ ਅਸ਼ੋਕ ਰਾਜ ਨੇ ਚੈਤਨਿਆ ਦੇ ਮਾਪਿਆਂ ਨੂੰ ਦੱਸਿਆ ਸੀ ਕਿ ਦੋਹਾਂ ’ਚ ਬਹਿਸ ਹੋ ਗਈ ਸੀ ਜਿਸ ਦੌਰਾਨ ਉਹ ਆਪਣੇ ਹੱਥਾਂ ਨਾਲ ਉਨ੍ਹਾਂ ਦੀ ਧੀ ਨੂੰ ਚੁਪ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਦਾ ਦਮ ਘੁੱਟ ਗਿਆ।