ਬੱਚਿਆਂ ਨੂੰ ਕਾਰ ਲੈ ਕੇ ਦੇਣ ਦੀ ਸੋਚ ਰਹੇ ਲੋਕ ਹੋ ਜਾਣ ਸਾਵਧਾਨ, ਆਸਟ੍ਰੇਲੀਆਈ ਸਟੱਡੀ ’ਚ ਸਾਹਮਣੇ ਆਈ ਚਿੰਤਾਜਨਕ ਜਾਣਕਾਰੀ

ਮੈਲਬਰਨ: ਆਸਟ੍ਰੇਲੀਆ ’ਚ ਕੀਤੀ ਇੱਕ ਸਟੱਡੀ ਦੇ ਨਤੀਜਿਆਂ ਤੋਂ ਪਤਾ ਲੱਗਿਆ ਹੈ ਕਿ ਤਾਜ਼ਾ ਕਾਰ ਚਲਾਉਣਾ ਸਿੱਖਣ ਵਾਲੇ ਜਿਨ੍ਹਾਂ ਨੌਜਵਾਨ ਡਰਾਈਵਰਾਂ ਕੋਲ ਆਪਣੀ ਕਾਰ ਹੁੰਦੀ ਹੈ, ਉਨ੍ਹਾਂ ’ਚ ਆਪਣੇ ਡਰਾਈਵਿੰਗ ਦੇ ਪਹਿਲੇ ਸਾਲ ਦੌਰਾਨ ਪਰਿਵਾਰ ਦੀ ਸਾਂਝੀ ਕਾਰ ਚਲਾਉਣ ਵਾਲਿਆਂ ਮੁਕਾਬਲੇ ਹਾਦਸੇ ਦਾ ਖਤਰਾ 30٪ ਵੱਧ ਹੁੰਦਾ ਹੈ। ਇਹ ਰੁਝਾਨ ਗੰਭੀਰ ਹਾਦਸਿਆਂ ‘ਤੇ ਵੀ ਲਾਗੂ ਹੁੰਦਾ ਹੈ ਜਿਸ ਨਾਲ ਹਸਪਤਾਲ ਵਿੱਚ ਭਰਤੀ ਹੋਣਾ ਜਾਂ ਮੌਤ ਹੋ ਜਾਂਦੀ ਹੈ।

ਸਟੱਡੀ ਅਨੁਸਾਰ ਆਪਣੀ ਕਾਰ ਵਾਲੇ ਨੌਜਵਾਨ ਡਰਾਈਵਰਾਂ ਨੂੰ ਆਪਣਾ ਲਾਇਸੈਂਸ ਪ੍ਰਾਪਤ ਕਰਨ ਦੇ ਪਹਿਲੇ ਸਾਲ ਵਿੱਚ ਗੰਭੀਰ ਹਾਦਸਿਆਂ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ 2.7 ਗੁਣਾ ਵੱਧ ਪਾਈ ਗਈ, ਅਤੇ ਉਹ ਤਿੰਨ ਸਾਲਾਂ ਬਾਅਦ ਵੀ 50٪ ਵੱਧ ਜੋਖਮ ‘ਤੇ ਸਨ। ਸਟੱਡੀ ’ਚ 17 ਤੋਂ 24 ਸਾਲ ਦੀ ਉਮਰ ਦੇ ਡਰਾਈਵਰਾਂ ਦੇ ਤਜ਼ਰਬਿਆਂ ਦਾ ਅਧਿਐਨ ਕੀਤਾ ਗਿਆ, ਜੋ 2002 ਅਤੇ 2003 ਵਿੱਚ ਆਪਣੀਆਂ ਲਾਲ ਪੀ-ਪਲੇਟਾਂ ‘ਤੇ ਸਨ।

ਸਟੱਡੀ ਸੁਝਾਅ ਦਿੰਦੀ ਹੈ ਕਿ ਪਰਿਵਾਰਕ ਕਾਰ ਨੂੰ ਸਾਂਝਾ ਕਰਨ ਵਾਲੇ ਨੌਜਵਾਨ ਡਰਾਈਵਰਾਂ ਨੂੰ ਮਾਪੇ ਨਿਯਮਾਂ ਦੀ ਸਖਤਾਈ ਨਾਲ ਪਾਲਣਾ ਕਰਵਾਉਂਦੇ ਹਨ, ਜਿਵੇਂ ਕਿ ਲੰਬੀ ਦੂਰੀ ਦੀ ਡਰਾਈਵਿੰਗ, ਸਵਾਰੀਆਂ ਦੀ ਵੱਧ ਤੋਂ ਵੱਧ ਗਿਣਤੀ ਜਾਂ ਰਾਤ ਨੂੰ ਗੱਡੀ ਚਲਾਉਣ ‘ਤੇ ਪਾਬੰਦੀਆਂ। ਇਕ ਹੋਰ ਕਾਰਕ ਇਹ ਹੋ ਸਕਦਾ ਹੈ ਕਿ ਨੌਜਵਾਨ ਡਰਾਈਵਰਾਂ ਦੀ ਮਲਕੀਅਤ ਵਾਲੀਆਂ ਕਾਰਾਂ ਪਰਿਵਾਰਕ ਕਾਰ ਨਾਲੋਂ ਸਸਤੀਆਂ ਅਤੇ ਸੰਭਵ ਤੌਰ ‘ਤੇ ਘੱਟ ਮਜ਼ਬੂਤ ਹੁੰਦੀਆਂ ਹਨ।

ਮਾਪਿਆਂ ਲਈ ਸਟੱਡੀ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਉਹ ਆਪਣੇ ਬੱਚਿਆਂ ਨੂੰ ਛੇਤੀ ਕਾਰ ਨਾ ਖਰੀਦ ਕੇ ਦੇਣ, ਖ਼ਾਸਕਰ ਲਾਇਸੈਂਸ ਪ੍ਰਾਪਤ ਕਰਨ ਤੋਂ ਬਾਅਦ ਪਹਿਲੇ 12 ਮਹੀਨਿਆਂ ਵਿੱਚ, ਜੋ ਨੌਜਵਾਨ ਡਰਾਈਵਰਾਂ ਲਈ ਸਭ ਤੋਂ ਖਤਰਨਾਕ ਸਮਾਂ ਹੈ। ਇਹ ਸਟੱਡੀ ਅਧੀਨ UNSW ਸਿਡਨੀ, ਜਾਰਜ ਇੰਸਟੀਚਿਊਟ ਅਤੇ ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ ਦੇ ਖੋਜਕਰਤਾਵਾਂ ਵੱਲੋਂ ਕੀਤੇ ਗਏ ਇੱਕ ਅਧਿਐਨ ਨੇ NSW ਵਿੱਚ 20,000 ਤੋਂ ਵੱਧ ਨੌਜਵਾਨ ਡਰਾਈਵਰਾਂ ਦੇ ਕ੍ਰੈਸ਼ ਡੇਟਾ ਦਾ ਵਿਸ਼ਲੇਸ਼ਣ ਕੀਤਾ ਹੈ।

Leave a Comment