ਮੈਲਬਰਨ: 2023-24 ਸੀਜ਼ਨ ਲਈ ਆਸਟ੍ਰੇਲੀਆ ਵਿੱਚ ਰਜਿਸਟਰਡ ਕ੍ਰਿਕਟ ਖਿਡਾਰੀਆਂ ਦੀ ਸੂਚੀ ’ਚ “ਸਿੰਘ” ਸਰਨੇਮ ਵਿੱਚ ਸਭ ਤੋਂ ਵੱਧ ਆਮ ਹੋ ਗਿਆ ਹੈ, ਜਿਸ ਨੇ “ਸਮਿਥ” ਨੂੰ ਪਿੱਛੇ ਛੱਡ ਦਿੱਤਾ ਹੈ। ਸੂਚੀ ’ਚ ਸਿੰਘ ਸਰਨੇਮ ਵਾਲੇ 4262 ਖਿਡਾਰੀ ਅਤੇ ਸਮਿਥ ਦੇ ਨਾਲ 2364 ਖਿਡਾਰੀ ਸਨ।
ਇਹ ਰੁਝਾਨ ਆਸਟ੍ਰੇਲੀਆਈ ਕ੍ਰਿਕਟ ਵਿੱਚ ਪੰਜਾਬੀ ਮੂਲ ਦੇ ਖਿਡਾਰੀਆਂ ਦੀ ਵਧਦੀ ਸ਼ਮੂਲੀਅਤ ਨੂੰ ਦਰਸਾਉਂਦਾ ਹੈ, ਜਿਵੇਂ ਕਿ ਗਲੇਨਵੁੱਡ ਰੈੱਡਬੈਕਸ ਸੀ.ਸੀ. ਅੰਡਰ 15 ਟੀਮ ਵਿੱਚ ਵੇਖਿਆ ਗਿਆ ਹੈ ਜਿੱਥੇ ਜੇ. ਸਿੰਘ ਅਤੇ ਐਨ. ਸਮਿਥ ਇਕੱਠੇ ਖੇਡਦੇ ਹਨ। ਕ੍ਰਿਕਟ ਆਸਟ੍ਰੇਲੀਆ ਦੇ ਅੰਕੜੇ ਦੱਸਦੇ ਹਨ ਕਿ ਭਾਰਤੀ ਵਿਰਾਸਤ ਵਾਲੇ ਖਿਡਾਰੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਇਹ ਤਬਦੀਲੀ ਪਹਿਲੀ ਵਾਰ 2018-19 ਦੇ ਸੀਜ਼ਨ ਵਿੱਚ ਹੋਈ ਸੀ ਅਤੇ ਇਹ ਲਗਾਤਾਰ ਵਧਦੀ ਜਾ ਰਹੀ ਹੈ।
ਪਿਛਲੇ ਸਾਲ ਭਾਰਤੀ ਵਿਰਾਸਤ ਦੇ ਦੋ ਖਿਡਾਰੀਆਂ ਹਰਕੀਰਤ ਬਾਜਵਾ ਅਤੇ ਹਰਜਸ ਸਿੰਘ ਨੂੰ 2024 ਮਰਦਾਨਾ ਅੰਡਰ-19 ਕ੍ਰਿਕਟ ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਸੂਚੀ ’ਚ ਪਟੇਲ, ਸ਼ਰਮਾ, ਖਾਨ ਅਤੇ ਕੁਮਾਰ ਵਰਗੇ ਸਰਨੇਮਾਂ ਨੇ ਵੀ ਪ੍ਰਮੁੱਖਤਾ ਪ੍ਰਾਪਤ ਕੀਤੀ ਹੈ।