ਮੈਲਬਰਨ: ਮੈਲਬਰਨ ਦੇ ਇਕ ਕਬਰਸਤਾਨ ਦੇ ਬੱਚਿਆਂ ਵਾਲੇ ਹਿੱਸੇ ਵਿਚੋਂ ਬੇਰਹਿਮ ਚੋਰਾਂ ਨੇ ਕਬਰਾਂ ’ਤੇ ਲੱਗੀਆਂ ਕੀਮਤੀ ਯਾਦਗਾਰੀ ਤਖ਼ਤੀਆਂ ਚੋਰੀ ਕਰ ਲਈਆਂ ਹਨ। ਮੈਲਬਰਨ ਦੇ ਪੱਛਮ ਵਿਚ ਅਲਟੋਨਾ ਮੈਮੋਰੀਅਲ ਪਾਰਕ ਵਿਚ ਸਥਿਤ ਗਾਰਡਨ ਆਫ ਲਿਟਲ ਐਂਜਲਸ ਵਿਚ 1000 ਬੱਚਿਆਂ ਦੀਆਂ ਕਬਰਾਂ ਹਨ।
ਹੁਣ, 80 ਕਬਰਾਂ ਦੇ ਪੱਥਰ ਬਗ਼ੈਰ ਪਿੱਤਲ ਦੀਆਂ ਪਲੇਟਾਂ ਤੋਂ ਹਨ, ਜਿਸ ਕਾਰਨ ਪਰਿਵਾਰ ਪਰੇਸ਼ਾਨ ਹਨ। ਸ਼ੁੱਕਰਵਾਰ ਸਵੇਰੇ ਖ਼ਬਰ ਆਉਣ ਤੋਂ ਬਾਅਦ ਮਾਪੇ ਅਤੇ ਦਾਦਾ-ਦਾਦੀ, ਇੱਥੋਂ ਤੱਕ ਕਿ ਫਰਾਂਸਿਸ ਸ਼ੇਮਬਰੀ ਵਰਗੇ ਦੇਖਭਾਲ ਕਰਨ ਵਾਲੇ ਲੋਕ ਵੀ ਯਾਦਗਾਰੀ ਪਾਰਕ ਪਹੁੰਚੇ।
ਪੁਲਿਸ ਦਾ ਮੰਨਣਾ ਹੈ ਕਿ ਇਹ ਯਾਦਗਾਰੀ ਪਲੇਟਾਂ ਵਿੱਤੀ ਲਾਭ ਲਈ ਚੋਰੀ ਕੀਤੀਆਂ ਗਈਆਂ। ਡਿਟੈਕਟਿਵ ਇੰਸਪੈਕਟਰ ਜੌਨ ਰੋਨਡੋਨ ਨੇ ਕਿਹਾ ਕਿ ਇਹ ਸ਼ਰਮਨਾਕ ਅਤੇ ਪਰੇਸ਼ਾਨ ਕਰਨ ਵਾਲਾ ਕੰਮ ਹੈ। ਉਨ੍ਹਾਂ ਕਿਹਾ, ‘‘ਨਿਸ਼ਚਿਤ ਤੌਰ ‘ਤੇ ਮੇਰੇ ਸੱਤ ਸਾਲਾਂ ਦੇ ਪੁਲਿਸ ’ਚ ਕਰੀਅਰ ਦੌਰਾਨ ਮੈਂ ਅਜਿਹੀ ਬੇਰਹਿਮੀ ਕਦੇ ਨਹੀਂ ਵੇਖੀ।’’ ਪੁਲਿਸ ਨੇ ਚੋਰਾਂ ਨੂੰ ਫੜਨ ਲਈ ਸੀ.ਸੀ.ਟੀ.ਵੀ. ਵੀਡੀਉ ਜਾਂਚਣਾ ਸ਼ੁਰੂ ਕਰ ਦਿੱਤਾ ਹੈ।