ਮੈਲਬਰਨ: ‘ਇੰਡੀਆ ਟੂਡੇ ਕਾਨਕਲੇਵ’ ਦੇ ਦੋ ਰੋਜ਼ਾ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਭਾਰਤ ਵਿਚ ਆਸਟ੍ਰੇਲੀਆ ਦੇ ਰਾਜਦੂਤ ਫਿਲਿਪ ਗ੍ਰੀਨ ਓਮ ਨੇ ਕਿਹਾ ਕਿ ਆਸਟ੍ਰੇਲੀਆ ਵਿਚ ਰਹਿ ਰਹੇ ਸਿੱਖ ਕਈ ਵਾਰ ਭਾਰਤੀ ਮਿਸ਼ਨ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕਰਦੇ ਹਨ। ਉਨ੍ਹਾਂ ਕਿਹਾ, ‘‘ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨਾ ਲੋਕਤੰਤਰ ਦਾ ਹਿੱਸਾ ਹੈ। ਪਰ ਹਿੰਸਾ, ਖਾਸ ਕਰ ਕੇ ਭਾਰਤੀ ਡਿਪਲੋਮੈਟਾਂ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਣ ਵਾਲੀ ਕਾਰਵਾਈ ਨੂੰ ਮਨਜ਼ੂਰ ਨਹੀਂ ਕੀਤਾ ਜਾ ਸਕਦਾ।’’
ਸੰਮੇਲਨ ਦੌਰਾਨ ਭਾਰਤ ਵਿਚ ਆਸਟ੍ਰੇਲੀਆ ਦੇ ਰਾਜਦੂਤ ਫਿਲਿਪ ਗ੍ਰੀਨ ਓਮ ਤੋਂ ਪੁੱਛਿਆ ਗਿਆ ਕਿ ਖਾਲਿਸਤਾਨ ਸੁਰੱਖਿਆ ਦੇ ਨਜ਼ਰੀਏ ਤੋਂ ਭਾਰਤ, ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਲਈ ਵੱਡਾ ਮੁੱਦਾ ਹੈ। ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ? ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਗ੍ਰੀਨ ਨੇ ਕਿਹਾ, “ਅਸੀਂ ਇਸ ਮਾਮਲੇ ਨੂੰ ਫਾਈਵ ਆਈਜ਼ ਦੇ ਨਜ਼ਰੀਏ ਤੋਂ ਨਹੀਂ ਦੇਖ ਰਹੇ ਹਾਂ। ਅਸੀਂ ਇਸ ਨੂੰ ਆਸਟ੍ਰੇਲੀਆ ਦੀ ਪ੍ਰਭੂਸੱਤਾ ਦੇ ਨਜ਼ਰੀਏ ਤੋਂ ਦੇਖਦੇ ਹਾਂ। ਆਸਟ੍ਰੇਲੀਆ ਵਿਚ ਰਹਿ ਰਹੇ ਸਿੱਖ ਕਈ ਵਾਰ ਭਾਰਤੀ ਮਿਸ਼ਨ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕਰਦੇ ਹਨ। ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨਾ ਲੋਕਤੰਤਰ ਦਾ ਹਿੱਸਾ ਹੈ। ਅਸੀਂ ਹਮੇਸ਼ਾ ਇਸ ਦਾ ਸਮਰਥਨ ਕਰਾਂਗੇ। ਪਰ ਹਿੰਸਾ, ਖਾਸ ਕਰਕੇ ਭਾਰਤੀ ਡਿਪਲੋਮੈਟਾਂ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਣ ਵਾਲੀ ਕਾਰਵਾਈ ਨੂੰ ਮਨਜ਼ੂਰ ਨਹੀਂ ਕੀਤਾ ਜਾ ਸਕਦਾ।’’ ਆਸਟ੍ਰੇਲੀਆ ਵਿੱਚ ਭਾਰਤੀ ਭਾਈਚਾਰਾ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਭਾਈਚਾਰਾ ਹੈ। ਆਸਟ੍ਰੇਲੀਆ ‘ਚ ਭਾਰਤ ਦੇ ਡਿਪਲੋਮੈਟ ‘ਤੇ ਹੋਏ ‘ਖਾਲਿਸਤਾਨੀ ਹਮਲੇ’ ਨੂੰ ਲੈ ਕੇ ਗ੍ਰੀਨ ਨੇ ਕਿਹਾ, ‘‘ਅਸੀਂ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ। ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਭਾਰਤੀ ਡਿਪਲੋਮੈਟ ਅਤੇ ਉਨ੍ਹਾਂ ਦੀ ਰਿਹਾਇਸ਼ ਸੁਰੱਖਿਅਤ ਰਹੇ।’’
ਇਸ ਮੌਕੇ ਅਮਰੀਕੀ ਰਾਜਦੂਤ ਐਰਿਕ ਗਾਰਸੇਟੀ ਵੀ ਗੱਲਬਾਤ ’ਚ ਮੌਜੂਦ ਸਨ। ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਪੰਨੂੰ ਦੀ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ਾਂ ਨੇ ਭਾਰਤ-ਅਮਰੀਕਾ ਸਬੰਧਾਂ ਨੂੰ ਕਿੰਨਾ ਪ੍ਰਭਾਵਿਤ ਕੀਤਾ ਹੈ। ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਗਾਰਸੇਟੀ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ। ਅਤੇ ਦੋ ਚੰਗੇ ਦੋਸਤ ਅਜਿਹੇ ਮੁੱਦਿਆਂ ਨੂੰ ਸਿਰਫ ਗੰਭੀਰਤਾ ਨਾਲ ਹੱਲ ਕਰਦੇ ਹਨ। ਪਰ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਦੀ ਗਤੀ ਇਕੋ ਜਿਹੀ ਬਣੀ ਹੋਈ ਹੈ।