Boeing ਦੇ ਏਅਰਪਲੇਨ’ਜ਼ ਨਾਲ ਸਮੱਸਿਆਵਾਂ ਜਾਰੀ, ਇੱਕ ਹੋਰ ਵੱਡਾ ਹਾਦਸਾ ਟਲਿਆ

ਮੈਲਬਰਨ: ਏਅਰਲਾਈਨ ਕੰਪਨੀ Boeing ਦੇ ਏਅਰਪਲੇਨ’ਜ਼ ਨਾਲ ਵਾਪਰ ਰਹੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਅੱਜ ਅਮਰੀਕਾ ’ਚ ਯੂਨਾਈਟਿਡ ਏਅਰਲਾਈਨਜ਼ ਦੇ ਜਹਾਜ਼ ਦਾ ਬਾਹਰੀ ਪੈਨਲ ਫ਼ਲਾਈਟ ਦੇ ਵਿਚਕਾਰ ਹੀ ਟੁੱਟ ਕੇ ਡਿੱਗ ਪਿਆ। ਬੋਇੰਗ 737-800 ਜਹਾਜ਼ ਨੇ ਸਾਨ ਫਰਾਂਸਿਸਕੋ ਤੋਂ ਉਡਾਣ ਭਰੀ ਸੀ। ਰਸਤੇ ’ਚ ਕਿਸੇ ਨੂੰ ਵੀ ਪਤਾ ਨਹੀਂ ਲੱਗਾ ਕਿ ਪੈਨਲ ਟੁੱਟ ਕੇ ਡਿੱਗ ਗਿਆ ਹੈ। ਹਾਲਾਂਕਿ ਨੁਕਸਾਨ ਦਾ ਪਤਾ ਲੱਗਣ ਤੋਂ ਪਹਿਲਾਂ ਇਹ ਓਰੇਗਨ ਵਿਚ ਸੁਰੱਖਿਅਤ ਉਤਰ ਗਿਆ। ਜਦੋਂ ਜਹਾਜ਼ ਨੂੰ ਗੇਟ ‘ਤੇ ਖੜ੍ਹਾ ਕੀਤਾ ਗਿਆ ਤਾਂ ਪਤਾ ਲੱਗਾ ਕਿ ਇਸ ‘ਚ ਬਾਹਰੀ ਪੈਨਲ ਨਹੀਂ ਹੈ। ਯੂਨਾਈਟਿਡ ਏਅਰਵੇਜ਼ ਨੇ ਕਿਹਾ, ‘‘ਅਸੀਂ ਜਹਾਜ਼ ਦੀ ਪੂਰੀ ਜਾਂਚ ਕਰਾਂਗੇ ਅਤੇ ਸੇਵਾ ‘ਚ ਵਾਪਸ ਆਉਣ ਤੋਂ ਪਹਿਲਾਂ ਸਾਰੀਆਂ ਜ਼ਰੂਰੀ ਮੁਰੰਮਤ ਕਰਾਂਗੇ। ਅਸੀਂ ਇਹ ਸਮਝਣ ਲਈ ਜਾਂਚ ਵੀ ਕਰਾਂਗੇ ਕਿ ਇਹ ਨੁਕਸਾਨ ਕਿਵੇਂ ਹੋਇਆ।’’ ਜਹਾਜ਼ ‘ਚ 6 ਕਰਿਊ ਮੈਂਬਰ ਅਤੇ 139 ਯਾਤਰੀ ਸਵਾਰ ਸਨ।

ਇਹ ਘਟਨਾ ਬੋਇੰਗ ਲਈ ਅਣਕਿਆਸੀ ਘਟਨਾਵਾਂ ਦੀ ਲੜੀ ਵਿੱਚ ਤਾਜ਼ਾ ਹੈ। ਪਿਛਲੇ ਹਫਤੇ ਸਿਡਨੀ ਤੋਂ ਆਕਲੈਂਡ ਜਾ ਰਹੀ ਇਕ ਉਡਾਣ ਦੌਰਾਨ ਅਚਾਨਕ ਡਿੱਗਣ ਨਾਲ ਯਾਤਰੀਆਂ ਨੂੰ ਕੈਬਿਨ ਵਿਚੋਂ ਸੁੱਟ ਦਿੱਤਾ ਗਿਆ ਸੀ, ਜਿਸ ਕਾਰਨ ਲਗਭਗ 50 ਲੋਕ ਜ਼ਖਮੀ ਹੋ ਗਏ ਸਨ। ਪਿਛਲੇ ਹਫਤੇ ਇਕ ਹੋਰ ਘਟਨਾ ਵਿਚ ਜਾਪਾਨ ਜਾ ਰਹੇ ਬੋਇੰਗ 777 ਜੈੱਟਲਾਈਨਰ ਨੂੰ ਸਾਨ ਫਰਾਂਸਿਸਕੋ ਤੋਂ ਉਡਾਣ ਭਰਨ ਦੇ ਕੁਝ ਪਲਾਂ ਬਾਅਦ ਐਮਰਜੈਂਸੀ ਲੈਂਡਿੰਗ ਕਰਨੀ ਪਈ ਸੀ, ਜਦੋਂ ਹਵਾਈ ਅੱਡੇ ਦੇ ਕਾਰਪਾਰਕ ਵਿਚ ਇਕ ਪਹੀਆ ਡਿੱਗ ਗਿਆ ਅਤੇ ਕਈ ਕਾਰਾਂ ਨੂੰ ਨੁਕਸਾਨ ਪਹੁੰਚਿਆ। ਜਨਵਰੀ ‘ਚ ਅਲਾਸਕਾ ਏਅਰਲਾਈਨਜ਼ ਦੀ ਇਕ ਉਡਾਣ ਉਸ ਸਮੇਂ ਸੁਰਖੀਆਂ ‘ਚ ਆਈ ਸੀ, ਜਦੋਂ ਉਡਾਣ ਦੌਰਾਨ ਕੈਬਿਨ ‘ਚ ਇਕ ਪੈਨਲ ਫਟ ਗਿਆ ਸੀ। ਇਸ ਦੇ ਨਤੀਜੇ ਵਜੋਂ ਬੋਇੰਗ ਦੇ 737 ਮੈਕਸ 9 ਜਹਾਜ਼ਾਂ ਵਿੱਚੋਂ ਲਗਭਗ 200 ਨੂੰ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ ਸੀ।

Leave a Comment