ਆਸਟ੍ਰੇਲੀਆ ’ਚ ਰੋਜ਼ ਪ੍ਰਤੀ ਵਿਅਕਤੀ ਲਗਭਗ 1 ਕਿੱਲੋ ਭੋਜਨ ਕੂੜੇਦਾਨ ’ਚ ਜਾਂਦੈ, ਕਿਸਾਨਾਂ ਨੇ ਸੂਪਰਮਾਰਕੀਟਾਂ ਬਾਰੇ ਕੀਤੇ ਹੈਰਾਨੀਜਨਕ ਖੁਲਾਸੇ

ਮੈਲਬਰਨ: ਆਸਟ੍ਰੇਲੀਆਈ ਲੋਕ ਹਰ ਸਾਲ ਲਗਭਗ 76.8 ਲੱਖ ਟਨ ਭੋਜਨ ਬਰਬਾਦ ਕਰਦੇ ਹਨ, ਜੋ ਪ੍ਰਤੀ ਵਿਅਕਤੀ ਲਗਭਗ 312 ਕਿਲੋਗ੍ਰਾਮ ਬਣਦਾ ਹੈ। ਯਾਨੀਕਿ ਹਰ ਰੋਜ਼ ਪ੍ਰਤੀ ਵਿਅਕਤੀ ਲਗਭਗ 1 ਕਿੱਲੋ ਭੋਜਨ ਦੀ ਬਰਬਾਦੀ। ਆਸਟ੍ਰੇਲੀਆ ਵਿਚ ਸਿਰਫ਼ ਦੋ ਸੁਪਰਮਾਰਕੀਟ, ਕੋਲਸ ਅਤੇ ਵੂਲਵਰਥਸ, ’ਤੇ ਭੋਜਨ ਦੀ ਇਸ ਬਰਬਾਦੀ ਦੀ ਸਮੱਸਿਆ ਨੂੰ ਹੋਰ ਵਧਾਉਣ ਦਾ ਦੋਸ਼ ਹੈ। ਕਿਸਾਨਾਂ ਦਾ ਕਹਿਣਾ ਹੈ ਕਿਹਾ ਕਿ ਉਹ ਕੋਲਸ ਅਤੇ ਵੂਲਵਰਥਸ ਵਲੋਂ ਬਦਲਾ ਲੈਣ ਦੇ ਡਰੋਂ ਆਪਣੀ ਪਛਾਣ ਨਹੀਂ ਦੱਸਣਾ ਚਾਹੁੰਦੇ।

ਏ.ਬੀ.ਸੀ. ਵੱਲੋਂ ਤਿਆਰ ਕੀਤੀ ਰਿਪੋਰਟ ਅਨੁਸਾਰ ਕਿਸਾਨਾਂ ਨੇ ਕਿਹਾ ਕਿ ਮੁੱਖ ਮੁੱਦਿਆਂ ਵਿੱਚੋਂ ਇੱਕ ਇਹ ਹੈ ਕਿ ਸੁਪਰਮਾਰਕੀਟ ਉਨ੍ਹਾਂ ਨਾਲ ਸਪਲਾਈ ਸਮਝੌਤੇ ਕਰ ਲੈਂਦੇ ਹਨ, ਜਿੱਥੇ ਉਹ ਹਫਤਾਵਾਰੀ ਮਾਤਰਾ ਦੀ ਭਵਿੱਖਬਾਣੀ ਕਰ ਕੇ ਕਿਸਾਨਾਂ ਨੂੰ ਵਾਧੂ ਮਾਤਰਾ ਦੀ ਸਪਲਾਈ ਲਈ ਕਹਿੰਦੇ ਹਨ, ਪਰ ਅਸਲ ’ਚ ਪੂਰੀ ਮਾਤਰਾ ਨੂੰ ਬਹੁਤ ਘੱਟ ਹੀ ਚੁੱਕਿਆ ਜਾਂਦਾ ਹੈ। ਕਈ ਵਾਰੀ ਤਾਂ 50 ਫ਼ੀਸਦੀ ਤਕ ਹੀ ਖ਼ਰੀਦਿਆ ਜਾਂਦਾ ਹੈ। ਇਸ ਨਾਲ ਵੱਡੀ ਮਾਤਰਾ ਵਿੱਚ ਖੁਰਾਕੀ ਚੀਜ਼ਾਂ ਬਰਬਾਦ ਹੋ ਜਾਂਦੀਆਂ ਹਨ।

ਸਬਜ਼ੀ ਉਤਪਾਦਕਾਂ ਦੀ ਨੁਮਾਇੰਦਗੀ ਕਰਨ ਵਾਲੀ ਚੋਟੀ ਦੀ ਸੰਸਥਾ AUSVEG ਦਾ ਕਹਿਣਾ ਹੈ ਕਿ 34٪ ਕਿਸਾਨ ਗੰਭੀਰ ਸਥਿਤੀ ਕਾਰਨ ਆਪਣਾ ਖੇਤੀ ਕਾਰੋਬਾਰ ਛੱਡਣ ‘ਤੇ ਵਿਚਾਰ ਕਰ ਰਹੇ ਹਨ। AUSVEG ਦਾ ਦੋਸ਼ ਹੈ ਕਿ ਰੱਦ ਕੀਤੀ ਗਈ ਪੈਦਾਵਾਰ ਕਾਰਨ ਕਿਸਾਨਾਂ ਨੂੰ ਸਾਲਾਨਾ ਲਗਭਗ 3 ਕਰੋੜ ਡਾਲਰ ਦਾ ਨੁਕਸਾਨ ਹੁੰਦਾ ਹੈ। ਸ਼ੱਕ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਨੂੰ ਕੁਆਲਿਟੀ ਘਟੀਆ ਹੋਣ ਦਾ ਹਵਾਲਾ ਦੇ ਕੇ ਨਾਮਨਜ਼ੂਰ ਕਰ ਦਿੱਤਾ ਜਾਂਦਾ ਹੈ।

ਜਦਕਿ ਵੂਲਵਰਥਸ ਦੇ ਇਕ ਬੁਲਾਰੇ ਨੇ ਕਿਹਾ, ‘‘ਸਾਡੀਆਂ ਕੁਆਲਿਟੀ ਦੀਆਂ ਵਿਸ਼ੇਸ਼ਤਾਵਾਂ ਇਹ ਯਕੀਨੀ ਕਰਦੀਆਂ ਹਨ ਕਿ ਸਾਡੇ ਗਾਹਕ ਤਾਜ਼ੇ ਫਲ ਅਤੇ ਸਬਜ਼ੀਆਂ ਖਰੀਦ ਸਕਣ ਜੋ ਘਰਾਂ ’ਚ ਲੰਮੇ ਸਮੇਂ ਤਕ ਤਾਜ਼ੇ ਰਹਿਣ।’’ ਦੂਜੇ ਪਾਸੇ ਕੋਲਸ ਦੇ ਬੁਲਾਰੇ ਨੇ ਕਿਹਾ ਕਿ ਉਸ ਨੇ ਕੁਆਲਿਟੀ ਨੂੰ ਉਤਪਾਦਕਾਂ ਨਾਲ ਮਿਲ ਕੇ ਨਿਰਧਾਰਤ ਕੀਤਾ ਸੀ, ਅਤੇ ਇਹ ਭੋਜਨ ਦੀ ਬਰਬਾਦੀ ਨੂੰ ਘਟਾਉਣ ਲਈ ਵਚਨਬੱਧ ਹੈ। ਬੁਲਾਰੇ ਨੇ ਕਿਹਾ, “ਅਸੀਂ ਖਾਣ ਦੀ ਗੁਣਵੱਤਾ, ਪੱਕਣ, ਕੀੜਿਆਂ ਦੇ ਨੁਕਸਾਨ, ਦਿੱਖ ਅਤੇ ਗਾਹਕਾਂ ਦੇ ਘਰ ਦੀ ਸ਼ੈਲਫ-ਲਾਈਫ ਨੂੰ ਧਿਆਨ ’ਚ ਰੱਖਦਿਆਂ ਸਾਰੇ ਉਤਪਾਦਾਂ ਦਾ ਮੁਲਾਂਕਣ ਕਰਦੇ ਹਾਂ ਅਤੇ ਭੋਜਨ ਦੀ ਬਰਬਾਦੀ ਨੂੰ ਘਟਾਉਣ ਦੇ ਨਾਲ ਇਸ ਨੂੰ ਸੰਤੁਲਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।’’

Leave a Comment