ਮੈਲਬਰਨ: ਐਡੀਲੇਡ ਯੂਨਿਟ ਬਲਾਕ ਦੇ ਕਮਿਊਨਲ ਸਵੀਮਿੰਗ ਪੂਲ ‘ਚ ਡੁੱਬਣ ਕਾਰਨ ਚਾਰ ਸਾਲ ਦੀ ਇੱਕ ਬੱਚੀ ਦੀ ਮੌਤ ਹੋ ਗਈ ਹੈ। ਭਾਰਤੀ ਮੂਲ ਦੇ ਮਾਪਿਆਂ ਦੀ ਬੇਟੀ ਕ੍ਰੇਆ ਪਟੇਲ ਆਟਿਜ਼ਮ ਤੋਂ ਪੀੜਤ ਸੀ ਅਤੇ ਬੋਲ ਨਹੀਂ ਸਕਦੀ ਸੀ। ਘਟਨਾ ਸਮੇਂ ਉਹ ਆਪਣੇ ਪਿਤਾ ਜਿਗਰ ਪਟੇਲ ਨਾਲ ਘਰ ਵਿੱਚ ਸੀ। ਜਿਗਰ ਪਟੇਲ ਆਪਣੇ ਘਰ ਦੇ ਬਗੀਚੇ ’ਚ ਕੰਮ ਕਰ ਰਿਹਾ ਸੀ ਜਦੋਂ ਅਚਾਨਕ ਬੱਚੀ ਅੱਖ ਬਚਾ ਕੇ ਬਾਹਰ ਖਿਸਕ ਆਈ ਅਤੇ ਪੂਲ ’ਚ ਡਿੱਗ ਪਈ। ਉਸ ਦੇ ਪਿਤਾ ਨੇ ਉਸ ਨੂੰ ਪੂਲ ’ਚੋਂ ਕੱਢਿਆ। ਹਸਪਤਾਲ, ਲਿਜਾਣ ਤੋਂ ਪਹਿਲਾਂ ਪੈਰਾਮੈਡਿਕਸ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਗੁਆਂਢੀਆਂ ਨੇ ਦੱਸਿਆ ਕਿ ਜਦੋਂ ਉਸ ਦੀ ਮਾਂ ਘਰ ਪੁੱਜੀ ਤਾਂ ਉਸ ਦੀਆਂ ਉਚੀਆਂ ਧਾਹਾਂ ਸੁਣੀਆਂ ਨਹੀਂ ਜਾਂਦੀਆਂ ਸਨ। ਜਾਂਚਕਰਤਾਵਾਂ ਨੇ ਸਾਰਾ ਦਿਨ ਪੂਲ ਖੇਤਰ ਅਤੇ ਇਸ ਦੇ ਸੁਰੱਖਿਆ ਗੇਟ ਦੀ ਜਾਂਚ ਕਰਨ ਵਿਚ ਬਿਤਾਇਆ। ਲੋਕਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਘੱਟੋ-ਘੱਟ ਇਕ ਘਟਨਾ ਵਾਪਰੀ ਹੈ ਜਿੱਥੇ ਪੂਲ ਗੇਟ ਸਹੀ ਢੰਗ ਨਾਲ ਬੰਦ ਨਹੀਂ ਹੋਇਆ। ਬੱਚੀ ਦੀ ਮੌਤ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੂਲ ਨੂੰ ਅਸਥਾਈ ਵਾੜ ਨਾਲ ਬੰਦ ਕਰ ਦਿੱਤਾ ਗਿਆ ਹੈ।