ਮੈਲਬਰਨ: ਗੋਲਡ ਕੋਸਟ ਦੇ ਦੱਖਣ-ਪੱਛਮ ‘ਚ ਇਕ ਰਾਸ਼ਟਰੀ ਪਾਰਕ ਵਿਖੇ ਇਕ ਝਰਨੇ ‘ਚ ਡਿੱਗੀ ਇਕ ਟ੍ਰਾਈਪੋਡ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ‘ਚ ਫਿਸਲਣ ਕਾਰਨ 20 ਸਾਲ ਦੀ ਇਕ ਔਰਤ ਸੈਲਾਨੀ ਦੀ ਮੌਤ ਹੋ ਗਈ। ਐਮਰਜੈਂਸੀ ਸੇਵਾਵਾਂ ਕੱਲ੍ਹ ਦੁਪਹਿਰ 12.30 ਵਜੇ ਦੇ ਕਰੀਬ ਲੈਮਿੰਗਟਨ ਨੈਸ਼ਨਲ ਪਾਰਕ ਦੇ ਯਾਨਬਾਕੂਚੀ ਫਾਲਜ਼ ‘ਤੇ ਪਹੁੰਚੀਆਂ। ਪਰ ਔਰਤ ਪਹਿਲਾਂ ਹੀ ਮਰ ਚੁੱਕੀ ਸੀ।
ਕੁਈਨਜ਼ਲੈਂਡ ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਹਾਈਕਿੰਗ ਕਰ ਰਹੀ ਸੀ, ਜਦੋਂ ਉਹ ਟ੍ਰਾਈਪੋਡ ਦੀ ਵਰਤੋਂ ਕਰ ਕੇ ਫੋਟੋ ਖਿੱਚਣ ਲਈ ਰੁਕੇ। ਟ੍ਰਾਈਪੋਡ ਇੱਕ ਢਲਾਨ ਤੋਂ ਹੇਠਾਂ ਖਿਸਕ ਗਿਆ ਅਤੇ ਔਰਤ ਇਸ ਨੂੰ ਚੁੱਕਣ ਲਈ ਹੇਠਾਂ ਜਾ ਰਹੀ ਸੀ ਕਿ ਫਿਸਲ ਕੇ ਡਿੱਗ ਗਈ। ਕੁਈਨਜ਼ਲੈਂਡ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਦੇ ਕਰਮਚਾਰੀਆਂ ਨੂੰ ਲੰਬੇ ਬਚਾਅ ਉਪਕਰਣਾਂ ਦੀ ਵਰਤੋਂ ਕਰ ਕੇ ਔਰਤ ਦੀ ਲਾਸ਼ ਨੂੰ ਬਾਹਰ ਕੱਢਣ ਵਿੱਚ ਸਾਢੇ ਛੇ ਘੰਟੇ ਲੱਗ ਗਏ।