20 ਸਾਲ ਤੋਂ ਇੱਕ ਹੀ ਨੰਬਰ ’ਤੇ ਦਾਅ ਲਾ ਰਹੀ ਔਰਤ ਦੀ ਚਮਕੀ ਕਿਸਮਤ, ਨਿਕਲੀ 4 ਲੱਖ ਡਾਲਰ ਦੀ ਲਾਟਰੀ

ਮੈਲਬਰਨ: ਪਿਛਲੇ ਦੋ ਦਹਾਕਿਆਂ ਤੋਂ ਇੱਕ ਹੀ ਨੰਬਰ ਵਾਲੀ ਲੋਟੋ ਲਾਟਰੀ ਖ਼ਰੀਦ ਰਹੀ ਕੁਈਨਜ਼ਲੈਂਡ ਦੀ ਇਕ ਔਰਤ ਦੀ ਕਿਸਮਤ ਆਖ਼ਰ ਚਮਕ ਪਈ ਹੈ। ਸ਼ਨੀਵਾਰ ਨੂੰ ਨਿਕਲੇ ਗੋਲਡ ਲੋਟੋ ਡਰਾਅ 4447 ’ਚ ਉਸ ਦੀ 4 ਲੱਖ ਡਾਲਰ ਦੀ ਲਾਟਰੀ ਲੱਗੀ ਹੈ।

ਨਤੀਜਾ ਪਤਾ ਲੱਗਣ ਮਗਰੋਂ ਟਾਊਨਸਵਿਲੇ ਦੇ ਉੱਤਰ ਵਿਚ ਸਥਿਤ ਛੋਟੇ ਜਿਹੇ ਕਸਬੇ ਫੋਰੈਸਟ ਬੀਚ ਦੀ ਖੁਸ਼ਕਿਸਮਤ ਜੇਤੂ ਨੇ ਕਿਹਾ ਕਿ ਉਸ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਆਖਰਕਾਰ ਉਸ ਦੇ ਨੰਬਰ ਦੀ ਲਾਟਰੀ ਲੱਗ ਚੁੱਕੀ ਹੈ। ਉਸ ਨੇ ਕਿਹਾ, ‘‘ਇਹ ਦਿਨ ਮੇਰੇ ਲਈ ਸਭ ਤੋਂ ਸ਼ਾਨਦਾਰ ਦੋ ਦਿਨ ਰਹੇ ਹਨ।’’ ਉਸ ਨੇ ਕਿਹਾ ਕਿ ਜਦੋਂ ਤੋਂ ਉਸ ਨੂੰ ਅਤੇ ਉਸ ਦੀ ਧੀ ਨੂੰ ਜਿੱਤ ਦਾ ਪਤਾ ਲੱਗਾ ਹੈ, ਦੋਹਾਂ ਦੀ ਖ਼ੁਸ਼ੀ ਦੇ ਹੰਝੂ ਨਹੀਂ ਰੁਕ ਰਹੇ। ਇਸ ਜਿੱਤ ਤੋਂ ਬਾਅਦ ਔਰਤ ਦੀ ਰਿਟਾਇਰ ਹੋਣ ਦੀ ਇੱਛਾ ਹੈ।

ਇਸ ਹਫਤੇ ਦੀ ਲਾਟਰੀ ਦੇ ਜੇਤੂ ਨੰਬਰ 19, 15, 18, 30, 5 ਅਤੇ 8 ਸਨ, ਜਦੋਂ ਕਿ ਸਪਲੀਮੈਂਟਰੀ ਨੰਬਰ 7 ਅਤੇ 26 ਸੀ। ਕੁੱਲ 13 ਲੋਕਾਂ ਦੀ ਡਿਵੀਜ਼ਨ ਵਨ ਲਾਟਰੀ ਲੱਗੀ ਸੀ, ਜਿਸ ਵਿਚੋਂ ਹਰੇਕ ਨੂੰ 400,000 ਡਾਲਰ ਤੋਂ ਵੱਧ ਦੀ ਰਕਮ ਮਿਲੀ। ਵਿਕਟੋਰੀਆ ਵਿਚ ਸੱਤ, ਕੁਈਨਜ਼ਲੈਂਡ ਵਿਚ ਤਿੰਨ, ਨੌਰਦਰਨ ਟੈਰੀਟੋਰੀ ਵਿਚ ਦੋ ਅਤੇ ਨਿਊ ਸਾਊਥ ਵੇਲਜ਼ ਵਿਚ ਇਕ ਜੇਤੂ ਰਿਹਾ। ਹੁਣ 23-24 ਵਿੱਤੀ ਸਾਲ ਵਿੱਚ 290 ਡਿਵੀਜ਼ਨ ਵਨ ਜਿੱਤਾਂ ਹੋ ਗਈਆਂ ਹਨ।

Leave a Comment