ਮੈਲਬਰਨ: ਆਸਟ੍ਰੇਲੀਆ ਦੀ ਲੇਬਰ ਪਾਰਟੀ ਨੇ ਮੈਲਬਰਨ ਦੇ ਸਬਅਰਬ ਡੰਕਲੀ ਦੀ ਬਾਏ-ਇਲੈਕਸ਼ਨ ਜਿੱਤ ਲਈ ਹੈ। ਪਾਰਟੀ ਦੀ ਉਮੀਦਵਾਰ ਜੋਡੀ ਬੇਲੀਆ ਨੇ 52 ਫ਼ੀਸਦੀ ਤੋਂ ਵੱਧ ਵੋਟਾਂ ਪ੍ਰਾਪਤ ਕਰ ਕੇ ਚੋਣ ਜਿੱਤੀ ਹੈ। ਲੇਬਰ ਐਮ.ਪੀ. ਪੇਟਆ ਮਰਫ਼ੀ ਦੀ ਮੌਤ ਕਾਰਨ ਸੀਟ ਖ਼ਾਲੀ ਹੋਣ ਤੋਂ ਬਾਅਦ ਬਾਏ-ਇਲੈਕਸ਼ਨ ਜ਼ਰੂਰੀ ਹੋ ਗਿਆ। ਇਹ ਜਿੱਤ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਲਈ ਜਨਮਦਿਨ ਦਾ ਤੋਹਫ਼ਾ ਵੀ ਹੈ, ਜੋ 2 ਮਾਰਚ ਨੂੰ ਆਪਣੇ ਜਨਮਦਿਨ ’ਤੇ ਆਪਣੀ ਮੰਗੇਤਰ ਜੋਡੀ ਹੇਡਨ ਅਤੇ ਬੇਲੀਆ ਨਾਲ ਪੋਲਿੰਸ ਸਟੇਸ਼ਨ ’ਤੇ ਆਏ ਸਨ। ਹਾਲਾਂਕਿ ਪਾਰਟੀ ਨੂੰ ਪਿਛਲੀ ਜਿੱਤ ਵੇਲੇ ਪ੍ਰਾਪਤ ਵੋਟਾਂ ਤੋਂ 4 ਫ਼ੀਸਦੀ ਵੋਟਾਂ ਘੱਟ ਮਿਲੀਆਂ ਹਨ, ਜਿਸ ਨੂੰ ਵਿਰੋਧੀ ਧਿਰ ਨੇ ਲੇਬਰ ਪਾਰਟੀ ਲਈ ਚੇਤਾਵਨੀ ਦੱਸਿਆ ਹੈ ਅਤੇ ਕਿਹਾ ਹੈ ਕਿ ਉਹ ਅਗਲੀਆਂ ਫ਼ੈਡਰਲ ਚੋਣਾਂ ’ਚ ਜਿੱਤ ਦਰਜ ਕਰਨ ਜਾ ਰਹੇ ਹਨ। ਇਸ ਬਾਏ-ਇਲੈਕਸ਼ਨ ਨੂੰ ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਮੁੱਖ ਆਗੂਆਂ ਲਈ ਟੈਸਟ ਮੰਨਿਆ ਜਾ ਰਿਹਾ ਸੀ।