ਮੈਲਬਰਨ: ਵਿਕਟੋਰੀਆ ਗੁਰਦੁਆਰਾ ਕੌਂਸਲ (GVC) ਨੇ ਖ਼ਾਲਸਾ ਪੰਥ ਅਤੇ ਆਸਟ੍ਰੇਲੀਆਈ ਸਿੱਖ ਸੰਗਤ ਦੇ ਨਾਂ ਇੱਕ ਬਿਆਨ ਜਾਰੀ ਕਰ ਕੇ ਸਿੱਖ ਪ੍ਰਚਾਰਕ ਗਿਆਨੀ ਸ਼ੇਰ ਸਿੰਘ ਨੂੰ ਵਿਕਟੋਰੀਆ ’ਚ ਸਿੱਖ ਸਟੇਜਾਂ ਤੋਂ ਬੈਨ ਕਰ ਦਿਤਾ ਹੈ। ਸੁੱਖੀ ਚਾਹਲ ਦੇ ਗੁਰੂਘਰਾਂ ’ਚ ਵੜਨ ’ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ GVC ਨੇ ਪਹਿਲਾਂ ਤੋਂ ਭਾਰਤੀ ਅਧਿਕਾਰੀਆਂ ਦੇ ਸਿੱਖ ਸਟੇਜਾਂ ’ਤੇ ਪਹੁੰਚਣ ’ਤੇ ਲਾਈ ਪਾਬੰਦੀ ਨੂੰ ਵੀ ਮੁੜ ਦੁਹਰਾਇਆ ਹੈ।
21 ਫ਼ਰਵਰੀ ਨੂੰ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਭਾਈ ਹਰਦੀਪ ਸਿੰਘ ਨਿੱਝਰ, ਭਾਈ ਅਵਤਾਰ ਸਿੰਘ ਖੰਡਾ ਅਤੇ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹੀਦੀ ਦੇ ਮੱਦੇਨਜ਼ਰ ਵਿਕਟੋਰੀਆ ਕਮਿਊਨਿਟੀ ਖ਼ਾਲਿਸਤਾਨ ਲਈ ਸਿੱਖ ਸੰਘਰਸ਼ ਅਤੇ ਗੁਰੂ ਸਾਹਿਬਾਨਾਂ ਵਲੋਂ ਉਲੀਕੇ ਸਿਧਾਂਤਾਂ ਪ੍ਰਤੀ ਵਚਨਬੱਧ ਹੈ। ਬਿਆਨ ਅਨੁਸਾਰ, ‘‘ਵਿਕਟੋਰੀਆ ਦਾ ਸਿੱਖ ਭਾਈਚਾਰਾ ਕਿਸੇ ਵੀ ਭਾਰਤੀ ਅਧਿਕਾਰੀ ਦੇ ਵਿਕਟੋਰੀਆ ’ਚ ਸਿੱਖ ਸਟੇਜਾਂ ’ਤੇ ਲਾਏ ਬੈਨ ਨੂੰ ਮੁੜ ਦੁਹਰਾਉਂਦਾ ਹੈ।’’
ਇਸ ਤੋਂ ਇਲਾਵਾ ਬਿਆਨ ’ਚ ਕਿਹਾ ਗਿਆ ਹੈ ਕਿ ਗਿਆਨੀ ਸ਼ੇਰ ਸਿੰਘ ਦੀਆਂ ਕਾਰਵਾਈਆਂ, ਜਿਸ ’ਚ ਇੱਕ ਹਿੰਦੂ ਪੰਡਿਤ ਅੱਗੇ ਮੱਥਾ ਟੇਕਣਾ ਸ਼ਾਮਲ ਹੈ, ਨੇ ਸਿੱਖ ਸਿਧਾਂਤਾਂ ਦੀ ਉਲੰਘਣਾ ਕੀਤੀ ਹੈ ਜਿਸ ਕਾਰਨ ਉਸ ਨੂੰ ਪੂਰੇ ਵਿਕਟੋਰੀਆ ’ਚ ਸਿੱਖ ਮੰਚਾਂ ਤੋਂ ਬੈਨ ਕੀਤਾ ਜਾਂਦਾ ਹੈ।
ਅਮਰੀਕਾ ਅਧਾਰਤ ਸੁੱਖੀ ਚਾਹਲ ਨੂੰ ਆਰ.ਐਸ.ਐਸ. ਨਾਲ ਸਬੰਧਤ ਦੱਸਦਿਆਂ ਕਿਹਾ ਗਿਆ ਹੈ ਕਿ ਉਸ ਨੇ ਹਰ ਸਮੇਂ ਸਿੱਖ ਵਿਰੋਧੀ ਤੱਤਾਂ ਦੇ ਹੱਕ ’ਚ ਬੋਲਿਆ ਹੈ ਅਤੇ ਆਰ.ਐਸ.ਐਸ. ਲਈ ਪੂਰੀ ਦੁਨੀਆਂ ’ਚ ਸਿੱਖ ਕਾਰਕੁਨਾਂ ਬਾਰੇ ਜਾਣਕਾਰੀ ਇਕੱਠੀ ਕਰਦਾ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਉਸ ਦੀ ਵਿਕਟੋਰੀਆ ਦੇ ਗੁਰੂ ਘਰਾਂ ’ਚ ਭਵਿੱਖ ’ਚ ਕਿਸੇ ਵੀ ਆਮਦ ਦੀ ਨਿਖੇਧੀ ਕੀਤੀ ਜਾਵੇਗੀ ਅਤੇ ਸਾਰੇ ਸਿੱਖ ਵਿਰੋਧੀ ਤੱਤਾਂ ਨੂੰ ਸਾਫ਼ ਸੰਦੇਸ਼ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਦਾ ਸਵਾਗਤ ਨਹੀਂ ਕੀਤਾ ਜਾਵੇਗਾ, ਇੱਥੋਂ ਤਕ ਕਿ ਸੰਗਤ ਵਜੋਂ ਵੀ ਨਹੀਂ।
ਬਿਆਨ ਅਨੁਸਾਰ ਇਹ ਫ਼ੈਸਲੇ ਸਿੱਖ ਸਿਧਾਂਤਾਂ ਅਨੁਸਾਰ ਹਨ ਅਤੇ ਸਿੱਖ ਧਰਮ ’ਚ ਵਿਗਾੜ ਪੈਦਾ ਕਰਨ ਦੀ ਕਿਸੇ ਕਾਰਵਾਈ ਵਿਰੁਧ ਅਮਲ ’ਚ ਲਿਆਂਦੇ ਜਾ ਰਹੇ ਹਨ।