ਮੈਲਬਰਨ: ਆਸਟ੍ਰੇਲੀਆ ਦੇ ਇਕ ਸਕੂਲ ਨੇ ਯਾਰਾ ਨਦੀ ਵਿਚ ਕਿਸ਼ਤੀ ਦੀ ਸਵਾਰੀ ਦਾ ਅਨੰਦ ਲੈ ਰਹੇ ਸੈਲਾਨੀਆਂ ਦੇ ਸਮੂਹ ‘ਤੇ ਦੁੱਧ ਸੁੱਟਣ ਵਾਲੇ ਇਕ ਮੁੰਡੇ ਨੂੰ ਮੁਅੱਤਲ ਕਰ ਦਿੱਤਾ ਹੈ। ਘਟਨਾ ਦੇ ਕਈ ਵੀਡੀਓ ਆਨਲਾਈਨ ਸਾਹਮਣੇ ਆਉਣ ਤੋਂ ਬਾਅਦ ਇਸ ‘ਪਰੈਂਕ’ ਦੀ ਲੋਕਾਂ ਨੇ ਸਖ਼ਤ ਨਿੰਦਾ ਕੀਤੀ ਸੀ। 27 ਜਨਵਰੀ ਦੀ ਘਟਨਾ ਦੀ ਪੁਲਿਸ ਵੱਲੋਂ ਪੂਰੀ ਜਾਂਚ ਤੋਂ ਬਾਅਦ 16 ਸਾਲ ਦੇ ਅਣਪਛਾਤੇ ਮੁੰਡੇ ਨੂੰ ਮੁਅੱਤਲ ਕਰ ਦਿੱਤਾ ਗਿਆ। ਮੈਲਬਰਨ ਗ੍ਰਾਮਰ ਸਕੂਲ ਨੇ ਬਿਆਨ ’ਚ ਕਿਹਾ, ‘‘ਸਾਡਾ ਦ੍ਰਿੜ ਵਿਚਾਰ ਹੈ ਕਿ ਇਹ ਵਿਵਹਾਰ ਪੂਰੀ ਤਰ੍ਹਾਂ ਨਾਮਨਜ਼ੂਰ ਹੈ ਅਤੇ ਅਸੀਂ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲਿਆ ਹੈ।’’ ਸਕੂਲ ਦੀ ਇੱਕ ਸਾਲ ਦੀ ਫ਼ੀਸ 20,000 ਡਾਲਰ ਹੈ।
‘ਪਰੈਂਕ’ ਦੀ ਵੀਡੀਓ ਮੁੰਡੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਪਲੋਡ ਕੀਤੀ ਸੀ ਜੋ ਬਹੁਤ ਵਾਇਰਲ ਹੋਈ। ਜਦਕਿ ਮਜ਼ਾਕ ਦੇ ਪੀੜਤਾਂ ਵਿੱਚੋਂ ਇੱਕ ਵੇਰੋਨਿਕਾ ਬਰਗੇਸ ਨੇ ਘਟਨਾ ਤੋਂ ਥੋੜ੍ਹੀ ਦੇਰ ਬਾਅਦ ਇੱਕ ਵੀਡੀਓ ਪੋਸਟ ਕਰ ਕੇ ਕਿਹਾ, ‘‘ਤੁਸੀਂ ਆਪਣੇ ਦੋਸਤਾਂ ਦੇ ਜਨਮਦਿਨ ਲਈ ਗੋਬੋਟ ਬੁੱਕ ਕਰਦੇ ਹੋ ਅਤੇ ਤੁਹਾਡੇ ਉੱਪਰ ਪੁਲ ਤੋਂ ਕੋਈ ਬੱਚਾ ਦੁੱਧ ਦੀ ਪੂਰੀ ਬੋਤਲ ਸੁੱਟਦਾ ਹੈ। ਕਿੰਨੀ ਬੁਰੀ ਗੱਲ ਹੈ।’’ ਸੋਸ਼ਲ ਮੀਡੀਆ ’ਤੇ ਲੋਕ ਇਸ ਕਾਰਵਾਈ ਤੋਂ ਨਾਰਾਜ਼ ਦਿਖੇ ਅਤੇ ਮੁੰਡੇ ਦੇ ਅਕਾਊਂਟ ਨੂੰ ਬਲਾਕ ਕਰਨ ਲਈ ਆਨਲਾਈਨ ਮੁਹਿੰਮ ਚਲਾਉਣ ਦੀ ਮੰਗ ਕਰ ਰਹੇ ਸਨ। ਇਸ ਘਟਨਾ ਨੇ ਰੈਡਿਟ, ਟਿਕਟਾਕ ਅਤੇ ਇੰਸਟਾਗ੍ਰਾਮ ਵਰਗੇ ਪਲੇਟਫਾਰਮਾਂ ‘ਤੇ ਭਾਰੀ ਬਹਿਸ ਛੇੜ ਦਿੱਤੀ।
ਇਸ ਤੋਂ ਬਾਅਦ ਮੁੰਡਾ ਵੀ ਉਸ ਸਮੇਂ ਡਰ ਗਿਆ ਜਦੋਂ ਉਸ ਦਾ ਵੀਡੀਓ ਹਰ ਪਾਸੇ ਵਾਇਰਲ ਹੋਣਾ ਸ਼ੁਰੂ ਹੋ ਗਿਆ ਅਤੇ ਉਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਸ ਦੇ ਸਕੂਲ ਵਿਚ ਉਸ ਦੀ ਵੀਡੀਓ ਭੇਜਣਾ ਬੰਦ ਕਰਨ। ਸਕੂਲ ਤੋਂ ਮੁਅੱਤਲ ਹੋਣ ਮਗਰੋਂ ਉਸ ਨੇ ਇੱਕ ਪੋਸਟ ’ਚ ਕਿਹਾ, ‘‘ਤੁਸੀਂ ਮੇਰੇ ਨਾਲ ਅਜਿਹਾ ਕਿਉਂ ਕੀਤਾ। ਮੈਂ ਤੁਹਾਡਾ ਇੱਕ ਦਿਨ ਬਰਬਾਦ ਕੀਤਾ, ਬਦਲੇ ’ਚ ਵਿੱਚ ਤੁਸੀਂ ਮੇਰੀ ਪੂਰੀ ਜ਼ਿੰਦਗੀ ਬਰਬਾਦ ਕਰ ਦਿੱਤੀ। ਮੈਂ ਤਾਂ ਸਿਰਫ ਇੱਕ ਬੱਚਾ ਹਾਂ।’’ ਵਿਕਟੋਰੀਆ ਪੁਲਿਸ ਨੇ ਲੜਕੇ ਨੂੰ ਗੈਰਕਾਨੂੰਨੀ ਹਮਲੇ ਲਈ ਚੇਤਾਵਨੀ ਵੀ ਜਾਰੀ ਕੀਤੀ ਸੀ।