ਮੈਲਬਰਨ: ਯੂਰਪੀਅਨ ਸਪੇਸ ਏਜੰਸੀ (ASA) ਦਾ ERS-2 ਧਰਤੀ ਨਿਰੀਖਣ ਸੈਟੇਲਾਈਟ ਇੱਕ ਅਨਕੰਟਰੋਲਡ ਆਪਰੇਸ਼ਨ ਵਿੱਚ ਧਰਤੀ ਦੇ ਵਾਯੂਮੰਡਲ ਵਿੱਚ ਦੁਬਾਰਾ ਦਾਖਲ ਹੋਣ ਲਈ ਤਿਆਰ ਹੈ। ਇਸ ਨੂੰ 1995 ਵਿੱਚ ਲਾਂਚ ਕੀਤਾ ਗਿਆ ਸੀ ਅਤੇ 2011 ਵਿੱਚ ਇਹ ਸੇਵਾ ਮੁਕਤ ਹੋ ਗਿਆ ਸੀ। ਹੋਰ ਸੈਟੇਲਾਈਟਾਂ ਜਾਂ ਪੁਲਾੜ ਮਲਬੇ ਨਾਲ ਟਕਰਾਅ ਦੇ ਖਤਰੇ ਨੂੰ ਘਟਾਉਣ ਅਤੇ 15 ਸਾਲਾਂ ਬਾਅਦ ਧਰਤੀ ’ਤੇ ਦੁਬਾਰਾ ਪਰਤਣ ਲਈ 2011 ਵਿਚ 60 ਵਾਰੀ ਸੈਟੇਲਾਈਟ ਦਾ ਰਾਹ ਬਦਲਿਆ ਗਿਆ ਸੀ।
ਦੁਬਾਰਾ ਦਾਖਲ ਹੋਣ ਦੀ ਪ੍ਰਕਿਰਿਆ ਕੁਝ ਹੱਦ ਤੱਕ ਬੇਕਾਬੂ ਹੈ ਅਤੇ ਸੈਟੇਲਾਈਟ ਹੌਲੀ ਹੌਲੀ ਧਰਤੀ ‘ਤੇ ਵਾਪਸ ਆ ਰਿਹਾ ਹੈ। ਇਸ ਦੇ ਦੁਬਾਰਾ ਦਾਖਲ ਹੋਣ ਦਾ ਸਹੀ ਸਮਾਂ ਅਤੇ ਸਥਾਨ ਪਤਾ ਨਹੀਂ ਹੈ, ਪਰ ਵੀਰਵਾਰ ਨੂੰ ਸਵੇਰੇ 6.24 ਵਜੇ AEDT ‘ਤੇ ਇਸ ਦੇ ਦੁਬਾਰਾ ਦਾਖਲ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਹ ਸੈਟੇਲਾਈਟ ਧਰਤੀ ਦੀ ਸਤ੍ਹਾ ਤੋਂ ਲਗਭਗ 80 ਕਿਲੋਮੀਟਰ ਦੀ ਉਚਾਈ ‘ਤੇ ਹੀ ਟੁਕੜਿਆਂ ‘ਚ ਟੁੱਟ ਜਾਵੇਗਾ, ਜਿਨ੍ਹਾਂ ‘ਚੋਂ ਜ਼ਿਆਦਾਤਰ ਵਾਯੂਮੰਡਲ ‘ਚ ਸੜ ਜਾਣਗੇ। ਹਾਲਾਂਕਿ ਕੁਝ ਟੁਕੜੇ ਧਰਤੀ ਦੀ ਸਤਹ ਤੱਕ ਪਹੁੰਚ ਸਕਦੇ ਹਨ, ਸੰਭਵ ਤੌਰ ‘ਤੇ ਸਮੁੰਦਰ ਵਿੱਚ ਡਿੱਗ ਸਕਦੇ ਹਨ। ਇਨ੍ਹਾਂ ਟੁਕੜਿਆਂ ਵਿੱਚ ਕੋਈ ਜ਼ਹਿਰੀਲੇ ਜਾਂ ਰੇਡੀਓਐਕਟਿਵ ਪਦਾਰਥ ਨਹੀਂ ਹੋਣਗੇ। ਦਿਨ ਦੇ ਸਮੇਂ ਵੀ ਸੈਟੇਲਾਈਟ ਦੇ ਦੁਬਾਰਾ ਦਾਖਲ ਹੋਣ ਨੂੰ ਦੇਖਿਆ ਜਾ ਸਕਦਾ ਹੈ।