ਮੈਲਬਰਨ: ਸਿਡਨੀ ਅਤੇ ਇਸ ਦੇ ਤੱਟਵਰਤੀ ਇਲਾਕਿਆਂ ‘ਚ ਤੇਜ਼ ਤੂਫਾਨ ਕਾਰਨ ਤਿੰਨ ਘੰਟਿਆਂ ‘ਚ ਕਰੀਬ 75,000 ਵਾਰ ਬਿਜਲੀ ਡਿੱਗੀ ਹਨ। ਸਿਡਨੀ ਦੇ ਰਾਇਲ ਬੋਟੈਨਿਕ ਗਾਰਡਨ ਦੇ ਪ੍ਰਵੇਸ਼ ਦੁਆਰ ‘ਤੇ ਦੁਪਹਿਰ 1 ਵਜੇ ਤੋਂ ਪਹਿਲਾਂ ਬਿਜਲੀ ਡਿੱਗਣ ਨਾਲ ਚਾਰ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਕ 19 ਸਾਲ ਦੇ ਪੁਰਸ਼ ਅਤੇ 20 ਸਾਲਾ ਔਰਤ ਨੂੰ ਆਰ.ਪੀ.ਏ. ਹਸਪਤਾਲ ਲਿਜਾਇਆ ਗਿਆ, ਜਦਕਿ 36 ਸਾਲ ਪੁਰਸ਼ ਅਤੇ 36 ਸਾਲ ਦੀ ਔਰਤ ਨੂੰ ਸੇਂਟ ਵਿਨਸੈਂਟ ਹਸਪਤਾਲ ਲਿਜਾਇਆ ਗਿਆ। ਇਹ ਸਾਰੇ ਮੀਂਹ ਤੋਂ ਬਚਣ ਲਈ ਇੱਕ ਦਰੱਖ਼ਤ ਹੇਠਾਂ ਖੜ੍ਹੇ ਸਨ ਜਦੋਂ ਉਸੇ ਥਾਂ ’ਤੇ ਬਿਜਲੀ ਡਿੱਗ ਗਈ। ਸਟੇਟ ਐਮਰਜੈਂਸੀ ਸੇਵਾ (SES) ਨੇ ਸਟੇਟ ਦੇ ਪੂਰਬੀ ਹਿੱਸਿਆਂ ਵਿੱਚ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਹੜ੍ਹ ਆਉਣ ਦੀ ਚੇਤਾਵਨੀ ਦਿੱਤੀ ਹੈ। NSW SES ਦੇ ਸਹਾਇਕ ਕਮਿਸ਼ਨਰ ਸੀਨ ਕਿਰਨਜ਼ ਨੇ ਕਿਹਾ ਕਿ ਅਗਲੇ ਕੁਝ ਘੰਟਿਆਂ ਵਿੱਚ 50 ਤੋਂ 100 ਮਿਲੀਮੀਟਰ ਦੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਬਿਊਰੋ ਨੇ ਚੇਤਾਵਨੀ ਦਿੱਤੀ ਹੈ ਕਿ ਭਿਆਨਕ ਤੂਫਾਨ ਭਾਰੀ ਬਾਰਸ਼ ਲਿਆਏਗਾ ਜਿਸ ਨਾਲ ਹੜ੍ਹ ਆ ਸਕਦਾ ਹੈ। ਵੋਂਗ, ਟਗੇਰਾ ਅਤੇ ਰੈਂਡਵਿਕ ‘ਚ ਹੜ੍ਹ ਦਾ ਪਤਾ ਪਹਿਲਾਂ ਹੀ ਲੱਗ ਚੁੱਕਾ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਸਭ ਤੋਂ ਭਿਆਨਕ ਤੂਫਾਨ ਸਿਡਨੀ ਸਿਟੀ, ਸਿਡਨੀ ਹਵਾਈ ਅੱਡੇ ਅਤੇ ਸਿਡਨੀ ਹਾਰਬਰ ਬ੍ਰਿਜ ‘ਤੇ ਦੁਪਹਿਰ 1.05 ਵਜੇ ਤੱਕ ਅਤੇ ਗੋਸਫੋਰਡ, ਰਾਈਡ ਅਤੇ ਸਵਾਨਸੀ ‘ਤੇ ਦੁਪਹਿਰ 1.35 ਵਜੇ ਤੱਕ ਪਹੁੰਚਣ ਦੀ ਸੰਭਾਵਨਾ ਹੈ।
ਸਿਡਨੀ ’ਚ ਤੂਫ਼ਾਨ ਦਾ ਕਹਿਰ : ਤਿੰਨ ਘੰਟਿਆਂ ’ਚ 75 ਹਜ਼ਾਰ ਵਾਰ ਡਿੱਗੀ ਬਿਜਲੀ, ਚਾਰ ਜਣੇ ਹਸਪਤਾਲ ’ਚ, ਮੌਸਮ ਵਿਭਾਗ ਨੇ ਦਿਤੀ ਚੇਤਾਵਨੀ
