ਫੋਰਕਲਿਫਟ ਹੇਠ ਆਉਣ ਕਾਰਨ ਨੌਜੁਆਨ ਦੀ ਮੌਤ ਤੋਂ ਬਾਅਦ ਮੈਲਬਰਨ ਦੀ ਕੰਪਨੀ ਨੂੰ 13 ਲੱਖ ਡਾਲਰ ਦਾ ਜੁਰਮਾਨਾ

ਮੈਲਬਰਨ: ਫੋਰਕਲਿਫਟ ਪਲਟਣ ਕਾਰਨ ਮਾਰੇ ਗਏ 25 ਸਾਲ ਦੇ ਇੱਕ ਕੰਟਰੈਕਟਰ ਦੇ ਦੁਖੀ ਪਰਿਵਾਰ ਨੂੰ ਉਮੀਦ ਹੈ ਕਿ ਮਾਲਕ ਸੰਭਾਵਿਤ ਤੌਰ ‘ਤੇ ਘਾਤਕ ਫੈਸਲੇ ਕਰਨ ਤੋਂ ਪਹਿਲਾਂ ਦੋ ਵਾਰ ਸੋਚਣਗੇ। ਅਕਤੂਬਰ 2021 ਵਿੱਚ, ਮੈਲਬਰਨ ਦੇ ਯੂਨੀਵਰਸਲ ਸਟੋਨ ਐਂਡ ਮਾਰਬਲ ਵਿਖੇ ਫੋਰਕਲਿਫਟ ਹਾਦਸੇ ਵਿੱਚ ਮਾਈਕਲ ਸਹੇਰੇਲਿਅਸ ਦੀ ਮੌਤ ਹੋ ਗਈ ਸੀ। ਕੰਪਨੀ ਦਾ ਮਾਲਕ ਲਾਇਥ ਹੈਨਾ ਸੁਰੱਖਿਆ ਮਾਪਦੰਡਾਂ ਦੇ ਉਲਟ ਫੋਰਕਲਿਫਟ ਚਲਾ ਰਿਹਾ ਸੀ, ਜਦੋਂ ਇਹ ਪਲਟ ਗਈ ਅਤੇ ਇਸ ਨੇ ਮਾਈਕਲ ਨੂੰ ਕੁਚਲ ਦਿੱਤਾ।

ਮਾਈਕਲ ਅਕਤੂਬਰ 2021 ਵਿਚ ਮੈਲਬਰਨ ਦੇ ਉੱਤਰ ਵਿਚ ਸਥਿਤ ਸੋਮਰਟਨ ਵਿਖੇ ਯੂਨੀਵਰਸਲ ਸਟੋਨ ਐਂਡ ਮਾਰਬਲ ਵਿਚ ਆਪਣੇ ਪਿਤਾ ਸਟੀਵ ਸਹੇਰੇਲਿਅਸ ਨਾਲ ਕੰਮ ਕਰ ਰਿਹਾ ਸੀ ਜਦੋਂ ਕੰਪਨੀ ਦਾ ਮਾਲਕ ਲੈਥ ਹੈਨਾ ਮੈਟਲ ਏ-ਫਰੇਮ ਚੁੱਕੀ ਫੋਰਕਲਿਫਟ ਚਲਾ ਰਿਹਾ ਸੀ। ਸੁਰੱਖਿਆ ਮਾਪਦੰਡਾਂ ਦੇ ਉਲਟ ਹੈਨਾ ਨੇ ਭਾਰ ਚੁੱਕਦੇ ਸਮੇਂ ਫੋਰਕਲਿਫਟ ਨੂੰ ਹੇਠਾਂ ਦੀ ਢਲਾਨ ‘ਤੇ ਮੋੜ ਦਿੱਤਾ ਜਿਸ ਕਾਰਨ ਇਹ ਜ਼ਮੀਨ ਤੋਂ ਲਗਭਗ ਦੋ ਮੀਟਰ ਦੀ ਉਚਾਈ ‘ਤੇ ਲਟਕ ਗਈ। ਫੋਰਕਲਿਫਟ ਦੇ ਸੰਤੁਲਨ ਗੁਆਉਣ ਤੋਂ ਪਹਿਲਾਂ ਮਾਈਕਲ ਨੇ ਇਸ ਨੂੰ ਸਥਿਰ ਕਰਨ ਦੀ ਕੋਸ਼ਿਸ਼ ਕੀਤੀ। ਪਰ ਫ਼ੋਰਕਲਿਫ਼ਟ ਪਲਟ ਗਈ ਅਤੇ ਉਸ ਨੂੰ ਕੁਚਲ ਦਿੱਤਾ। ਹੈਨਾ ਨੇ ਮਦਦ ਲਈ ਚੀਕਾਂ ਮਾਰੀਆਂ ਪਰ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਮਾਈਕਲ ਦੀ ਉਸ ਦੇ ਪਿਤਾ ਸਾਹਮਣੇ ਮੌਤ ਹੋ ਗਈ।

ਹੁਣ 47 ਸਾਲ ਦੇ ਹੈਨਾ ਨੂੰ ਦੋ ਸਾਲ ਦੇ ਕਮਿਊਨਿਟੀ ਸੁਧਾਰ ਆਰਡਰ ਅਤੇ 200 ਘੰਟਿਆਂ ਦੀ ਕਮਿਊਨਿਟੀ ਸੇਵਾ ਦੀ ਸਜ਼ਾ ਸੁਣਾਈ ਗਈ ਹੈ। ਉਸ ਦੀ ਕੰਪਨੀ ਐਲ.ਐਚ. ਹੋਲਡਿੰਗ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ‘ਤੇ 13 ਲੱਖ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਸੀ। ਹੈਨਾ ਨੂੰ ਮਾਈਕਲ ਦੀ ਧੀ ਨੂੰ ਮੁਆਵਜ਼ੇ ਵਜੋਂ 120,000 ਡਾਲਰ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਹੈ। ਪਰਿਵਾਰ ਦੇ ਵਕੀਲ ਟੋਨੀ ਕਾਰਬੋਨ ਨੇ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਦੁਖਾਂਤ ਨੂੰ ਰੋਕਣ ਲਈ ਸੁਰੱਖਿਆ ਨੂੰ ਤਰਜੀਹ ਦੇਣ।

Leave a Comment