ਮੈਲਬਰਨ: ਦੱਖਣੀ ਆਸਟ੍ਰੇਲੀਆ ਦੇ ਪੋਰਟ ਅਗਸਤਾ ਦੇ ਵਸਨੀਕ 82 ਸਾਲ ਦੇ ਡਾਕਟਰ ਦਵਿੰਦਰ ਗਰੇਵਾਲ ਨੂੰ ਪੋਰਟ ਅਗਸਤਾ ਸਿਟੀ ਕੌਂਸਲ ਵੱਲੋਂ ਆਸਟ੍ਰੇਲੀਆ ਦਿਵਸ ਮੌਕੇ 2024 ‘ਸਿਟੀਜ਼ਨ ਆਫ ਦਿ ਈਅਰ’ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ।
ਪਿਛਲੀ ਅੱਧੀ ਸਦੀ ਦੌਰਾਨ ਉਨ੍ਹਾਂ ਨੇ ਨਾ ਸਿਰਫ ਇੱਕ ਜਨਰਲ ਪ੍ਰੈਕਟੀਸ਼ਨਰ ਵਜੋਂ ਸੇਵਾ ਨਿਭਾਈ ਹੈ ਬਲਕਿ ਸਥਾਨਕ ਹੋਟਲ ਉਦਯੋਗ ਵਿੱਚ ਵੀ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਉਹ ਕਹਿੰਦੇ ਹਨ, ‘‘ਸਫਲਤਾ ਸਿਰਫ ਨਿੱਜੀ ਪ੍ਰਾਪਤੀਆਂ ਬਾਰੇ ਨਹੀਂ ਹੁੰਦੀ, ਬਲਕਿ ਭਾਈਚਾਰੇ ਵਿੱਚ ਸਕਾਰਾਤਮਕ ਯੋਗਦਾਨ ਪਾਉਣ ਬਾਰੇ ਵੀ ਹੈ।’’
ਗਰੇਵਾਲ ਪਰਿਵਾਰ ਇਸ ਸਮੇਂ ਪੋਰਟ ਅਗਸਤਾ ਅਤੇ ਇਸ ਦੇ ਆਸ-ਪਾਸ ਮੈਡੀਕਲ ਅਤੇ ਹੋਟਲ ਦੋਵਾਂ ਖੇਤਰਾਂ ਵਿੱਚ 70-80 ਵਿਅਕਤੀਆਂ ਨੂੰ ਰੁਜ਼ਗਾਰ ਪ੍ਰਦਾਨ ਕਰਦਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਸਟ੍ਰੇਲੀਆ ’ਚ ਆਪਣੇ ਸਫ਼ਰ ਬਾਰੇ ਦਸਿਆ, ‘‘ਮੈਂ ਦਸੰਬਰ 1971 ’ਚ ਇੰਗਲੈਂਡ ਤੋਂ ਐਡੀਲੇਡ ਆਇਆ ਸੀ ਅਤੇ ਮੈਡੀਕਲ ਸਾਇੰਸਿਜ਼ ਇੰਸਟੀਚਿਊਟ ’ਚ ਲੈਕਚਰਾਰ ਦਾ ਕੰਮ ਕੀਤਾ। ਮੇਰੀ ਨੌਕਰੀ ਪੋਰਟ ਅਗਸਤਾ ਤੋਂ 40 ਕਿਲੋਮੀਟਰ ਕੌਰਨ ’ਚ ਲੱਗੀ। ਉੱਥੇ ਪਿੰਡ ’ਚ ਸਿਰਫ਼ 6-7 ਸੌ ਬੰਦੇ ਰਹਿੰਦੇ ਸਨ। ਉੱਥੇ ਛੋਟਾ ਹਸਪਤਾਲ ਸੀ 15-16 ਬੈੱਡਾਂ ਵਾਲਾ ਹਸਪਤਾਲ ਸੀ ਜਿੱਥੇ ਮੈਂ ਮਾਰਚ 1972 ’ਚ ਇੱਕ ਰਸ਼ੀਅਨ ਡਾਕਟਰ ਦੀ ਥਾਂ ਲਈ ਸੀ। ਮੇਰਾ ਅਤੇ ਮੇਰੇ ਪਰਿਵਾਰ ਦਾ ਉੱਥੇ ਬਹੁਤ ਨਿੱਘਾ ਸਵਾਗਤ ਹੋਇਆ ਅਤੇ ਲੋਕਾਂ ਨੇ ਬਹੁਤ ਮਦਦ ਕੀਤੀ। ਲੋਕ ਸਬਜ਼ੀਆਂ, ਫੱਲ, ਅੰਡੇ ਆਦਿ ਘਰ ਅੱਗੇ ਛੱਡ ਦਿੰਦੇ ਸਨ।’’
ਉਨ੍ਹਾਂ ਦਾ ਜਨਮ 1942 ਵਿੱਚ ਓਕਾੜਾ, ਭਾਰਤ (ਹੁਣ ਪਾਕਿਸਤਾਨ ਵਿੱਚ) ਵਿੱਚ ਹੋਇਆ ਸੀ। 1947 ਦੀ ਵੰਡ ਤੋਂ ਬਾਅਦ ਉਨ੍ਹਾਂ ਦੇ ਦਾਦਾ ਜੀ ਲੁਧਿਆਣਾ ਦੇ ਪਿੰਡ ਗੁੱਜਰਵਾਲ ਵਿੱਚ ਆ ਵਸੇ। ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਤੋਂ ਪੁੱਛਦੇ ਹਨ ਕਿ ਇੱਥੇ ਰਹਿਣ ਲਈ ਪੱਗ ਬੰਨ੍ਹਣ ਦਾ ਫ਼ਾਇਦਾ ਹੁੰਦਾ ਹੈ ਜਾਂ ਨਹੀਂ। ਉਨ੍ਹਾਂ ਕਿਹਾ, ‘‘ਇਹ ਤਾਂ ਤੁਹਾਡੇ ’ਤੇ ਨਿਰਭਰ ਹੈ, ਲੋਕ ਤਾਂ ਤੁਸੀਂ ਜੋ ਹੋ ਉਸੇ ਤਰ੍ਹਾਂ ਤੁਹਾਨੂੰ ਪਸੰਦ ਕਰਦੇ ਹਨ।’’ ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਦੁਨੀਆ ਦਾ ਸਭ ਤੋਂ ਵਧੀਆ ਦੇਸ਼ ਹੈ ਜਿੱਥੇ ਮਿਹਨਤ ਕਰਨ ਵਾਲੇ, ਸੱਚ ਬੋਲਣ ਵਾਲੇ ਦਾ ਲੋਕ ਮਾਣ ਕਰਦੇ ਹਨ।