ਜਾਣੋ, ਭਾਰਤ ਦੀ ਸੁਪਰੀਮ ਕੋਰਟ ਨੇ, ਚੰਡੀਗੜ੍ਹ ਮੇਅਰ ਚੋਣਾਂ ਨੂੰ ‘ਲੋਕਤੰਤਰ ਦਾ ਕਤਲ’ ਕਿਉਂ ਕਿਹਾ!

ਮੈਲਬਰਨ: ਭਾਰਤ ਦੀ ਸੁਪਰੀਮ ਕੋਰਟ ਨੇ ਚੰਡੀਗੜ੍ਹ ਮੇਅਰ ਦੀ ਚੋਣ ਕਰਵਾ ਰਹੇ ਰਿਟਰਨਿੰਗ ਅਧਿਕਾਰੀ ਅਨਿਲ ਮਸੀਹ ਦੀ ਝਾੜਝੰਬ ਕੀਤੀ ਅਤੇ ਕਿਹਾ ਕਿ ਉਸ ਵੱਲੋਂ ਸਾਫ਼ ਤੌਰ ’ਤੇ ਬੈਲਟ ਪੇਪਰਾਂ ਨਾਲ ਛੇੜਛਾੜ ਕੀਤੀ ਗਈ। ਅਦਾਲਤ ਨੇ ਇਸ ਕਾਰੇ ਨੂੰ ‘ਲੋਕਤੰਤਰ ਦਾ ਕਤਲ’ ਅਤੇ ‘ਲੋਕਤੰਤਰ ਦਾ ਮਜ਼ਾਕ ਬਣਾਉਣਾ’ ਕਰਾਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਇਸ ਵਿਅਕਤੀ ਵਿਰੁਧ ਮੁਕੱਦਮਾ ਚੱਲਣਾ ਹੀ ਚਾਹੀਦਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਰਿਟਰਨਿੰਗ ਅਧਿਕਾਰੀ 19 ਫਰਵਰੀ ਨੂੰ ਕੋਰਟ ਅੱਗੇ ਪੇਸ਼ ਹੋ ਕੇ ਆਪਣੇ ਵਿਹਾਰ ਬਾਰੇ ਸਪਸ਼ਟ ਕਰੇ।

ਦਰਅਸਲ 30 ਜਨਵਰੀ ਨੂੰ ਹੋਈ ਚੰਡੀਗੜ੍ਹ ਦੇ ਮੇਅਰ ਦੀ ਚੋਣ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮਨੋਜ ਸੋਨਕਾਰ ਨੇ ਜਿੱਤ ਲਈ ਸੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੁਲਦੀਪ ਕੁਮਾਰ ਨੂੰ ਜ਼ਿਆਦਾ ਮੈਂਬਰਾਂ ਦੀ ਹਮਾਇਤ ਹੋਣ ਦੇ ਬਾਵਜੂਦ ਹਰਾ ਦਿੱਤਾ ਸੀ ਕਿਉਂਕਿ ‘ਆਪ’-ਕਾਂਗਰਸ ਗੱਠਜੋੜ ਦੇ 8 ਕੌਂਸਲਰਾਂ ਦੀ ਵੋਟ ਰਿਟਰਨਿੰਗ ਅਫ਼ਸਰ, ਜੋ ਖ਼ੁਦ ਭਾਜਪਾ ਮੈਂਬਰ ਹਨ, ਵੱਲੋਂ ਕਾਟੇ ਮਾਰਨ ਕਾਰਨ ਰੱਦ ਕਰ ਦਿੱਤੀ ਗਈ ਸੀ। ‘ਆਪ’ ਅਤੇ ਕਾਂਗਰਸ ਦਾ ਕਹਿਣਾ ਹੈ ਕਿ ਜੇਕਰ ਇਹ ਵੋਟ ਰੱਦ ਨਾ ਹੋਏ ਹੁੰਦੇ ਤਾਂ ਉਹ ਚੋਣ ਜਿੱਤ ਜਾਂਦੇ।

ਸੀਜੇਆਈ ਨੇ ਰਿਟਰਨਿੰਗ ਅਧਿਕਾਰੀ ਦੀ ਜੰਮ ਕੇ ਝਾੜਝੰਬ ਕਰਦਿਆਂ ਕਿਹਾ, ‘‘ਜੋ ਕੁਝ ਹੋਇਆ, ਅਸੀਂ ਉਸ ਤੋਂ ਨਿਰਾਸ਼ ਹਾਂ…ਕੀ ਰਿਟਰਨਿੰਗ ਅਧਿਕਾਰੀ ਦਾ ਰਵੱਈਆ ਇਹੋ ਜਿਹਾ ਹੁੰਦਾ ਹੈ? ਇਸ ਵਿਅਕਤੀ ਖ਼ਿਲਾਫ਼ ਮੁਕੱਦਮਾ ਚੱਲਣਾ ਚਾਹੀਦਾ ਹੈ। ਉਹ ਕੈਮਰੇ ਵੱਲ ਦੇਖਦਾ ਹੈ ਤੇ ਬੈਲਟ ਪੇਪਰਾਂ ਨਾਲ ਛੇੜਛਾੜ ਕਰਦਾ ਹੈ। ਬੈਲਟ ਪੇਪਰ ਵਿਚ ਹੇਠਲੇ ਪਾਸੇ ਜਿੱਥੇ ਕਰਾਸ ਹੈ, ਉਸ ਨੂੰ ਉਹ ਟਰੇਅ ਵਿਚ ਰੱਖ ਲੈਂਦਾ ਹੈ। ਜਿਸ ਵਿਚ ਉਪਰਲੇ ਪਾਸੇ ਕਰਾਸ ਹੈ; ਇਹ ਵਿਅਕਤੀ ਉਸ ਨਾਲ ਛੇੜਛਾੜ ਕਰਦਾ ਹੈ ਅਤੇ ਫਿਰ ਕੈਮਰੇ ਵੱਲ ਦੇਖਦਾ ਹੈ ਕਿ ਉਸ ਨੂੰ ਕੌਣ ਦੇਖ ਰਿਹਾ ਹੈ।’’ ਬੈਂਚ ਨੇ ਹੁਕਮਾਂ ਵਿਚ ਕਿਹਾ, ‘‘ਰਿਟਰਨਿੰਗ ਅਧਿਕਾਰੀ ਕੇਸ ਦੀ ਅਗਲੀ ਸੁਣਵਾਈ ਮੌਕੇ ਇਸ ਕੋਰਟ ਅੱਗੇ ਪੇਸ਼ ਹੋ ਕੇ ਆਪਣੇ ਵਤੀਰੇ ਬਾਰੇ ਸਪਸ਼ਟ ਕਰੇ।’’

Leave a Comment