ਮੈਲਬਰਨ ਦੀ ਕਲੀਨਿਕ ’ਚ ਛੋਟੇ ਆਪਰੇਸ਼ਨ ਮਗਰੋਂ ਪੰਜਾਬੀ ਮੂਲ ਦੀ ਮਾਂ ਦੀ ਬੇਵਕਤੀ ਮੌਤ

ਮੈਲਬਰਨ: ਦੋ ਬੱਚਿਆਂ ਦੀ ਮਾਂ ਹਰਜੀਤ ਕੌਰ (30) ਦੀ ਮੈਲਬਰਨ ਦੇ ਹੈਂਪਟਨ ਪਾਰਕ ਵੀਮੈਨਜ਼ ਹੈਲਥ ਕਲੀਨਿਕ ‘ਚ ਸਰਜੀਕਲ ਅਬਾਰਸ਼ਨ ਤੋਂ ਬਾਅਦ ਦੁਖਦਾਈ ਮੌਤ ਹੋ ਗਈ। ਉਸ ਨੂੰ ਹਾਲ ਹੀ ਵਿੱਚ Nike ’ਚ ਚੰਗੀ ਤਨਖ਼ਾਹ ’ਤੇ IT ਦੀ ਨੌਕਰੀ ਮਿਲੀ ਸੀ ਅਤੇ ਉਹ ਆਪਣੇ ਪਤੀ ਸੁਖਜਿੰਦਰ ਸਿੰਘ ਨਾਲ ਘਰ ਖਰੀਦਣ ਦੀ ਯੋਜਨਾ ਬਣਾ ਰਹੀ ਸੀ। ਹਾਲਾਂਕਿ, ਜਦੋਂ ਉਸ ਨੂੰ ਗੈਰ ਯੋਜਨਾਬੱਧ ਗਰਭਵਤੀ ਹੋਣ ਬਾਰੇ ਦਾ ਪਤਾ ਲੱਗਣ ਤਾਂ ਉਸ ਨੇ ਗਰਭਪਾਤ ਕਰਵਾਉਣ ਦਾ ਫੈਸਲਾ ਕਰ ਲਿਆ ਕਿਉਂਕਿ ਉਹ ਤੀਜੇ ਬੱਚੇ ਲਈ ਮਾਨਸਿਕ ਅਤੇ ਵਿੱਤੀ ਪੱਖੋਂ ਤਿਆਰ ਨਹੀਂ ਸੀ।

12 ਜਨਵਰੀ ਨੂੰ ਹੋਈ ਇਸ ਸਰਜਰੀ ਨੂੰ ਮਾਮੂਲੀ ਮੰਨਿਆ ਜਾ ਰਿਹਾ ਸੀ। ਹਾਲਾਂਕਿ, ਸਰਜਰੀ ਤੋਂ ਬਾਅਦ ਜਨਰਲ ਵਾਰਡ ਵਿੱਚ ਲਿਜਾਂਦੇ ਸਮੇਂ ਉਸ ਦੀ ਦਿਲ ਦੀ ਧੜਕਣ ਰੁਕ ਗਈ ਅਤੇ CPR ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਉਹ ਬਚ ਨਹੀਂ ਸਕੀ। ਉਸ ਦੇ ਪਤੀ ਨੂੰ ਉਸ ਦੀ ਮੌਤ ਦੀ ਜਾਣਕਾਰੀ ਉਸ ਦੇ ਸਰਜਨ, ਡਾ. ਰੂਡੋਲਫ ‘ਰੂਡੀ’ ਲੋਪਸ ਨੇ ਦਿੱਤੀ, ਜਿਨ੍ਹਾਂ ਨੇ ਮੌਤ ਦਾ ਕਾਰਨ ਪਤਾ ਲੱਗੇ ਜਾਣ ਤਕ ਅਸਤੀਫਾ ਦੇ ਦਿੱਤਾ ਹੈ। ਹਰਜੀਤ ਕੌਰ ਦੀ ਮੌਤ ਦੇ ਕਾਰਨਾਂ ਦੀ ਜਾਂਚ ਜਾਰੀ ਹੈ, ਜਿਸ ਵਿੱਚ ਪੁਲਿਸ ਅਤੇ ਕੋਰੋਨਰ ਸ਼ਾਮਲ ਹਨ।

ਹਰਜੀਤ ਕੌਰ ਦੇ ਪਤੀ ਨੇ ਇਸ ਕੇਸ ਦੀ ਪੂਰੀ ਜਾਂਚ ਦੀ ਇੱਛਾ ਪ੍ਰਗਟਾਈ ਹੈ ਅਤੇ ਉਸ ਨੇ ਫ਼ਿਊਨਰਲ, 4 ਅਤੇ 2 ਸਾਲ ਦੇ ਬੱਚਿਆਂ ਦੇ ਪਾਲਣ-ਪੋਸਣ ਅਤੇ ਜਾਂਚ ਦੇ ਖ਼ਰਚ ’ਚ ਵਿੱਤੀ ਮਦਦ ਲਈ ਇੱਕ ਗੋਫੰਡਮੀ ਸਥਾਪਤ ਕੀਤਾ ਗਿਆ ਹੈ, ਜਿਸ ’ਚ ਹੁਣ ਤੱਕ ਲਗਭਗ 45,000 ਡਾਲਰ ਇਕੱਠੇ ਕੀਤੇ ਹਨ। ਉਸ ਨੇ ਕਿਹਾ ਕਿ ਹਰਜੀਤ ਕੌਰ ਦੇ ਜਾਣ ਮਗਰੋਂ ਉਹ ਬਹੁਤ ਜ਼ਿਆਦਾ ਦੁੱਖ ’ਚ ਹੈ। ਉਸ ਨੂੰ ਕੋਈ ਰਾਹ ਨਜ਼ਰ ਨਹੀਂ ਆ ਰਿਹਾ ਕਿ ਛੋਟੇ ਬੱਚਿਆਂ ਦਾ ਪਾਲਣ-ਪੋਸਣ ਕਿਸ ਤਰ੍ਹਾਂ ਹੋਵੇਗਾ ਅਤੇ ਗ਼ਮ ਕਾਰਨ ਉਹ ਕੰਮ ਵੀ ਨਹੀਂ ਕਰ ਪਾ ਰਿਹਾ। ਉਸ ਨੇ ਕਿਹਾ, ‘‘ਮੇਰੀ ਪੂਰੀ ਜ਼ਿੰਦਗੀ ਇੱਕ ਮਿੰਟ ’ਚ ਖ਼ਤਮ ਹੋ ਗਈ। ਹਰਜੀਤ ਨੇ ਬੱਚਿਆਂ ਲਈ ਜਿੰਨੀ ਮਿਹਨਤ ਅਤੇ ਸੰਘਰਸ਼ ਕੀਤਾ ਸੀ, ਸਭ ਖ਼ਤਮ ਹੋ ਗਿਆ।’’

Leave a Comment