ਹਸਪਤਾਲ ’ਤੇ ਸਿਹਤ ਮੰਤਰੀ ਨੂੰ ਵਿਖਾਉਣ ਲਈ ਫ਼ਰਜ਼ੀ ਮਰੀਜ਼ ਭਰਤੀ ਕਰਨ ਦਾ ਦੋਸ਼, ਹੋਵੇਗੀ ਜਾਂਚ

ਮੈਲਬਰਨ: ਵਿਕਟੋਰੀਆ ਦੇ ਕੋਲਿਕ ਸ਼ਹਿਰ ਦਾ ਇਕ ਹਸਪਤਾਲ ਵਿਵਾਦਾਂ ’ਚ ਘਿਰ ਗਿਆ ਹੈ। ਹਸਪਤਾਲ ਦੇ ਸਟਾਫ਼ ’ਤੇ ਦੋਸ਼ ਲੱਗਾ ਹੈ ਕਿ ਪਿਛਲੇ ਸਾਲ ਅਗਸਤ ’ਚ ਸਟੇਟ ਦੀ ਸਿਹਤ ਮੰਤਰੀ ਦੇ ਦੌਰੇ ਦੌਰਾਨ ਹਸਪਤਾਲ ਨੂੰ ਮਰੀਜ਼ਾਂ ਨਾਲ ਭਰਿਆ ਵਿਖਾਉਣ ਲਈ ਘੱਟ ਤੋਂ ਘੱਟ 10 ਫ਼ਰਜ਼ੀ ਮਰੀਜ਼ਾਂ ਨੂੰ ਭਰਤੀ ਕਰ ਲਿਆ ਗਿਆ ਜੋ ਕਿ ਅਸਲ ’ਚ ਸਟਾਫ਼ ਮੈਂਬਰ ਜਾਂ ਉਨ੍ਹਾਂ ਦੇ ਰਿਸ਼ਤੇਦਾਰ ਹੀ ਸਨ। ਮਰੀਜ਼ਾਂ ਨੂੰ ਸਿਹਤ ਮੰਤਰੀ ਮੈਰੀ ਆਨ ਥੋਮਸ ਦੇ ਆਉਣ ਤੋਂ ਕੁਝ ਦੇਰ ਪਹਿਲਾਂ ਹੀ ਹਸਪਤਾਲ ਦੀ ਐਮਰਜੈਂਸੀ ’ਚ ਭਰਤੀ ਕੀਤਾ ਗਿਆ ਅਤੇ ਜਦੋਂ ਮੰਤਰੀ ਗੇੜਾ ਮਾਰ ਕੇ ਚਲੀ ਗਈ ਤਾਂ ਉਨ੍ਹਾਂ ਦੀ ਭਰਤੀ ਰੱਦ ਕਰ ਦਿੱਤੀ ਗਈ। ਹਾਲਾਂਕਿ ਵਿਵਾਦ ਵਧਣ ਮਗਰੋਂ ਸਥਾਨਕ ਸੰਸਦ ਮੈਂਬਰ ਰਿਚਰਡ ਰੀਓਰਡਨ ਨੇ ਹਸਪਤਾਲ ਦਾ ਬਚਾਅ ਕਰਦਿਆਂ ਕਿਹਾ ਹੈ ਕਿ ਮੰਤਰੀ ਦੀ ਫੇਰੀ ਦੌਰਾਨ ਕੰਮ ਨੂੰ ਚੁਸਤ-ਦਰੁਸਤ ਵਿਖਾਉਣ ਲਈ ਹਸਪਤਾਲਾਂ ਵੱਲੋਂ ਅਕਸਰ ਅਜਿਹਾ ਕੀਤਾ ਜਾਂਦਾ ਹੈ ਅਤੇ ਇਹ ਕੋਈ ਨਵੀਂ ਗੱਲ ਨਹੀਂ। ਉਨ੍ਹਾਂ ਦੀ ਪਤਨੀ ਵੀ ਹਸਪਤਾਲ ’ਚ ਕੰਮ ਕਰਦੀ ਹੈ। ਹਾਲਾਂਕਿ ਸਿਹਤ ਮੰਤਰੀ ਥੋਮਸ ਨੇ ਕਿਹਾ ਕਿ ਜੇਕਰ ਇਹ ਦੋਸ਼ ਸਹੀ ਹਨ ਤਾਂ ਇਹ ਭਰੋਸੇ ਦੀ ਬਹੁਤ ਵੱਡੀ ਉਲੰਘਣਾ ਹੈ। ਉਨ੍ਹਾਂ ਨੇ ਇਸ ਘਟਨਾ ਦੀ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ।

Leave a Comment