ਮੈਲਬਰਨ: ਚੱਕਰਵਾਤੀ ਤੂਫਾਨ ਕਿਰੀਲੀ ਕੁਈਨਜ਼ਲੈਂਡ ਵਲ ਵੱਧ ਰਿਹਾ ਹੈ ਅਤੇ ਬੁੱਧਵਾਰ ਰਾਤ ਤਕ ਸਮੁੰਦਰੀ ਕੰਢੇ ਇਲਾਕਿਆਂ ਨਾਲ ਟਕਰਾ ਜਾਵੇਗਾ। ਚੱਕਰਵਾਤ ਦੇ ਵੀਰਵਾਰ ਨੂੰ ਟਾਊਨਸਵਿਲ ਅਤੇ ਬੋਵੇਨ ਦੇ ਵਿਚਕਾਰ ਟਕਰਾਉਣ ਦੀ ਸੰਭਾਵਨਾ ਹੈ। ਚੱਕਰਵਾਤ ਕਾਰਨ 120 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੀ ਤੇਜ਼ ਰਫ਼ਤਾਰ ਨਾਲ ਹਵਾਵਾਂ ਚੱਲਣ ਅਤੇ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ। ਚੱਕਰਵਾਤ ਦੇ ਮੱਦੇਨਜ਼ਰ ਕੁਈਨਜ਼ਲੈਂਡ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੀਆਂ ਛੱਤਾਂ ਅਤੇ ਨਾਲੀਆਂ ਦੀ ਜਾਂਚ ਕਰਨ ਕਿ ਕਿਤੇ ਕੋਈ ਰੁਕਾਵਟ ਤਾਂ ਨਹੀਂ। ਖਿੱਲਰੀਆਂ ਚੀਜ਼ਾਂ ਨੂੰ ਸੁਰੱਖਿਅਤ ਕਰਨ ਅਤੇ ਐਮਰਜੈਂਸੀ ਕਿੱਟ ਤਿਆਰ ਰੱਖਣ ਦੀ ਵੀ ਸਲਾਹ ਦਿੱਤੀ ਗਈ ਹੈ।
ਕੁਈਨਜ਼ਲੈਂਡ ਪੁਲਿਸ ਦੇ ਡਿਪਟੀ ਕਮਿਸ਼ਨਰ ਅਤੇ ਸਟੇਟ ਦੇ ਚੋਟੀ ਦੇ ਆਫ਼ਤ ਸਮੇਂ ਦੇ ਕੋਆਰਡੀਨੇਟਰ ਸ਼ੇਨ ਚੇਲੇਪੀ ਨੇ ਲੋਕਾਂ ਨੂੰ ਕਿਹਾ ਕਿ ਉਹ ਘੱਟ ਤੋਂ ਘੱਟ ਤਿੰਨ ਦਿਨਾਂ ਦੀਆਂ ਤਿਆਰੀਆਂ ‘ਤੇ ਧਿਆਨ ਕੇਂਦਰਿਤ ਕਰਨ ਜਿਸ ਦੌਰਾਨ ਉਹ ਸੰਭਾਵਤ ਤੌਰ ‘ਤੇ ਬਿਜਲੀ, ਬਾਲਣ ਜਾਂ ਪਾਣੀ ਦੀ ਪਹੁੰਚ ਤੋਂ ਬਿਨਾਂ ਰਹਿਣਗੇ। ਉਨ੍ਹਾਂ ਕਿਹਾ ਕਿ ਐਮਰਜੈਂਸੀ ਸੇਵਾਵਾਂ ਨੂੰ ਲੋਕਾਂ ਤੱਕ ਪਹੁੰਚਣ ਅਤੇ ਸਹਾਇਤਾ ਪ੍ਰਦਾਨ ਕਰਨ ਵਿੱਚ 72 ਘੰਟੇ ਤੱਕ ਦਾ ਸਮਾਂ ਲੱਗ ਸਕਦਾ ਹੈ।
ਬਿਜਲੀ ਜਾਣ ਦੀ ਸਥਿਤੀ ’ਚ ਲਈ ਉਨ੍ਹਾਂ ਨੇ ਲੋਕਾਂ ਆਪਣੇ ਜਨਰੇਟਰਾਂ ਨੂੰ ਤੇਲ ਨਾਲ ਭਰ ਕੇ ਚਲਦੀ ਹਾਲਤ ’ਚ ਤਿਆਰ ਰੱਖਣ ਲਈ ਕਿਹਾ ਹੈ। ਇਸ ਤੋਂ ਇਲਾਵਾ ਘਰਾਂ ਅੰਦਰ ਜਿਨ੍ਹਾਂ ਥਾਵਾਂ ਤੋਂ ਪਾਣੀ ਭਰ ਸਕਦਾ ਹੈ ਉਨ੍ਹਾਂ ਅੱਗੇ ਰੇਤ ਨਾਲ ਭਰੇ ਬੋਰੇ ਰੱਖਣ ਦੀ ਸਲਾਹ ਦਿੱਤੀ ਗਈ ਹੈ। ਬੋਰਿਆਂ ਦੀਆਂ ਤਿੰਨ ਢੇਰੀਆਂ ਬਣਾਉਣ ਲਈ ਕਿਹਾ ਗਿਆ ਹੈ ਅਤੇ ਖ਼ਤਰਾ ਵਧਣ ’ਤੇ ਛੇਤੀ ਤੋਂ ਛੇਤੀ ਸੁਰੱਖਿਅਤ ਉੱਚੀਆਂ ਥਾਵਾਂ ’ਤੇ ਜਾਣ ਦੀ ਅਪੀਲ ਕੀਤੀ ਗਈ ਹੈ।