ਮੈਲਬਰਨ: ਕੁਈਨਜ਼ਲੈਂਡ ਦੇ ਜਾਰਜਟਾਊਨ ਨੇੜੇ ਰੌਥ ਕ੍ਰੀਕ ਬ੍ਰਿਜ ਵਿਚ ਇਕ ਵੱਡਾ ਪਾੜ ਪੈ ਜਾਣ ਕਾਰਨ ਇੱਕ ਵਿਅਕਤੀ ਦੀ ਜਾਨ ਵਾਲ-ਵਾਲ ਬਚ ਗਈ। ਲੈੱਸ ਐਡਮਿਸਟੋਨ ਚਮਤਕਾਰੀ ਢੰਗ ਨਾਲ ਜ਼ਖਮੀ ਹੋਣ ਤੋਂ ਵੀ ਬਚ ਗਿਆ ਜਦੋਂ ਉਸ ਦੀ 4WD ਗੱਡੀ 80 ਦੀ ਰਫ਼ਤਾਰ ਨਾਲ ਇਸ ਪੁਲ ਦੇ ਉਤੋਂ ਦੀ ਲੰਘ ਰਹੀ ਸੀ। ਸਵੇਰੇ 5 ਵਜੇ ਕੰਮ ਲਈ ਜਾ ਰਹੇ ਐਡਮਿਸਟੋਨ ਨੂੰ ਜਦੋਂ ਪੁਲ ’ਚ ਪਿਆ ਪਾੜ ਦਿਸਿਆ ਤਾਂ ਉਸ ਲਈ ਬ੍ਰੇਕ ਮਾਰਨਾ ਵੀ ਮੁਸ਼ਕਲ ਹੋ ਗਿਆ।
ਪਰ ਖ਼ੁਸ਼ਕਿਸਮਤੀ ਨਾਲ ਉਹ ਪੁਲ ਤੋਂ ਹੇਠਾਂ ਨਹੀਂ ਡਿੱਗਾ ਬਲਕਿ ਗੱਡੀ ਪਾੜ ਨੂੰ ਪਾਰ ਕਰ ਕੇ ਦੂਜੇ ਪਾਸੇ ਪਹੁੰਚ ਗਈ। ਹੇਠਲੇ ਹਿੱਸੇ ਨੂੰ ਭਾਰੀ ਨੁਕਸਾਨ ਦੇ ਕਾਰਨ ਗੱਡੀ ਦੇ ਮੁੜ ਠੀਕ ਹੋਣ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ ਐਡਮਿਸਟੋਨ ਨੂੰ ਕੋਈ ਨੁਕਸਾਨ ਨਹੀਂ ਹੋਇਆ। ਹਾਦਸੇ ਤੋਂ ਬਾਅਦ ਉਸ ਨੇ ਤੁਰੰਤ ਆਪਣੇ ਰੇਡੀਓ ਦੀ ਵਰਤੋਂ ਨਾਲ ਪਿੱਛੇ ਆ ਰਹੇ ਟਰੱਕਾਂ ਨੂੰ ਚੇਤਾਵਨੀ ਦਿੱਤੀ ਅਤੇ ਅਧਿਕਾਰੀਆਂ ਨੂੰ ਪੁਲ ਦੀ ਸਥਿਤੀ ਬਾਰੇ ਸੁਚੇਤ ਕੀਤਾ।
ਕੁਈਨਜ਼ਲੈਂਡ ਦੇ ਟਰਾਂਸਪੋਰਟ ਅਤੇ ਮੁੱਖ ਸੜਕਾਂ ਵਿਭਾਗ ਵੱਲੋਂ ਬਣਾਏ ਇਸ ਪੁਲ ਨੂੰ 2020 ਵਿੱਚ ਮਜ਼ਬੂਤ ਕੀਤਾ ਗਿਆ ਸੀ ਪਰ ਮੰਨਿਆ ਜਾਂਦਾ ਹੈ ਕਿ ਹੜ੍ਹਾਂ ਦੇ ਨੁਕਸਾਨ ਕਾਰਨ ਇਹ ਕਮਜ਼ੋਰ ਪੈ ਗਿਆ। ਇਸ ਨਾਲ ਜਾਰਜਟਾਊਨ ਅਤੇ ਮਾਊਂਟ ਸਰਪ੍ਰਾਈਜ਼ ਵਿਚਕਾਰ ਗਲਫ ਡਿਵੈਲਪਮੈਂਟ ਰੋਡ ਬੰਦ ਹੋ ਗਈ ਹੈ। ਬਦਲਵੇਂ ਰਾਹ ਲਈ 2,000 ਕਿਲੋਮੀਟਰ ਦਾ ਚੱਕਰ ਲਗਾਉਣਾ ਪੈਂਦਾ ਹੈ। ਪੁਲ ਦੀ ਮੁਰੰਮਤ ਸ਼ੁਰੂ ਹੋ ਗਈ ਹੈ। ਹਾਲਾਂਕਿ, ਆਉਣ ਵਾਲਾ ਚੱਕਰਵਾਤ ਸੰਭਾਵਤ ਤੌਰ ‘ਤੇ ਇਸ ਦੇ ਮੁੜ ਚਾਲੂ ਹੋਣ ’ਚ ਦੇਰੀ ਕਰ ਸਕਦਾ ਹੈ।