‘ਪੈਸੇ ਨੀਂ ਦੇਣੇ ਤਾਂ ਆਹ ਲੈ ਫਿਰ…’, ਮਿਸਤਰੀ ਅਤੇ ਮਕਾਨ ਮਾਲਕਣ ਦੇ ਝਗੜੇ ਨੇ ਛੇੜਿਆ ਆਨਲਾਈਨ ਵਿਵਾਦ

ਮੈਲਬਰਨ: ਕੁਈਨਜ਼ਲੈਂਡ ਦੇ ਇੱਕ ਮਿਸਤਰੀ ਜੇਸੀ ਕ੍ਰੋ ਅਤੇ ਵਿਓਲਾ ਨਾਂ ਦੀ ਔਰਤ ਵਿਚਕਾਰ ਡ੍ਰਾਈਵਵੇਅ ਬਣਾਉਣ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਇਸ ਵੇਲੇ ਆਨਲਾਈਨ ਚਰਚਾ ਦਾ ਵਿਸ਼ਾ ਬਣ ਗਿਆ ਹੈ। ਹਾਲਾਂਕਿ ਵਿਵਾਦ ਪਿਛਲੇ ਸਾਲ ਵਾਪਰਿਆ ਸੀ, ਪਰ ਇਸ ਦੀ ਵੀਡੀਉ ਜਨਤਕ ਹੋਣ ਕਾਰਨ ਹੁਣ ਇਸ ’ਤੇ ਚਰਚਾ ਛਿੜ ਗਈ ਹੈ।

ਜੇਸੀ ਕ੍ਰੋ ਨੇ ਵਿਓਲਾ ਦੇ ਘਰ ’ਚ ਕੰਕਰੀਟ ਦਾ ਡ੍ਰਾਈਵਵੇਅ ਬਣਾਇਆ ਸੀ, ਪਰ ਕੰਮ ਖ਼ਤਮ ਹੋਣ ’ਤੇ ਜਦੋਂ ਉਸ ਨੇ ਪੈਸੇ ਮੰਗੇ ਤਾਂ ਦੋਹਾਂ ਵਿਚਕਾਰ ਝਗੜਾ ਹੋ ਗਿਆ। ਝਗੜਾ ਏਨਾ ਵੱਧ ਗਿਆ ਕਿ ਕ੍ਰੋ ਅਤੇ ਉਸ ਦੀ ਟੀਮ ਨੇ ਆਪਣੇ ਵੱਲੋਂ ਨਵੇਂ ਪਾਏ ਗਏ ਕੰਕਰੀਟ ਡ੍ਰਾਈਵਵੇਅ ਨੂੰ ਹੀ ਤੋੜਨਾ ਸ਼ੁਰੂ ਕਰ ਦਿੱਤਾ, ਜੋ ਕਿ ਅਜੇ ਤਕ ਗਿੱਲਾ ਹੀ ਸੀ। ਇਸ ਘਟਨਾ ਨੂੰ ਰਿਕਾਰਡ ਕਰ ਕੇ ਸੋਸ਼ਲ ਮੀਡੀਆ ‘ਤੇ ਵੀ ਸਾਂਝਾ ਕੀਤਾ ਗਿਆ, ਜਿਸ ਨਾਲ ਦਰਸ਼ਕਾਂ ‘ਚ ਹਲਚਲ ਮਚ ਗਈ।

ਵੀਡੀਓ ’ਚ ਕ੍ਰੋ ਨੂੰ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ, ‘‘ਜਦੋਂ ਤੁਸੀਂ ਕੀਤੇ ਗਏ ਕੰਮ ਲਈ ਭੁਗਤਾਨ ਨਹੀਂ ਕਰਨਾ ਚਾਹੁੰਦੇ ਤਾਂ ਇਹ ਹੁੰਦਾ ਹੈ।’’ ਕੈਮਰੇ ਦੇ ਪਿੱਛੇ ਬੈਠਾ ਆਦਮੀ ਕਹਿੰਦਾ ਹੈ, ‘‘ਭੁਗਤਾਨ ਕਰਨਾ ਚਾਹੀਦਾ ਸੀ। ਹੁਣ ਇਸ ਸਭ ਨੂੰ ਖੋਦਣ, ਲਿਜਾਣ ਅਤੇ ਦੁਬਾਰਾ ਪਾਉਣ ਲਈ ਜ਼ਿਆਦਾ ਖਰਚਾ ਆਉਣ ਵਾਲਾ ਹੈ।’’

ਇਸ ਕੰਮ ’ਚ ਲਗਭਗ ਦਹਾਕੇ ਬਿਤਾਉਣ ਵਾਲੇ ਕ੍ਰੋ ਨੇ ਦੱਸਿਆ ਕਿ ਉਸਨੇ ਪਹਿਲਾਂ ਵੀ ਸਲੈਬਾਂ ਨੂੰ ਤੋੜਨ ਦੀ ਧਮਕੀ ਦਿੱਤੀ ਹੈ, ਪਰ ਕਦੇ ਵੀ ਅਜਿਹਾ ਨਹੀਂ ਕੀਤਾ। ਕ੍ਰੋ ਨੇ ਕਿਹਾ, ‘‘ਮੈਨੂੰ ਉਸ ਚੀਜ਼ ਨੂੰ ਤਬਾਹ ਕਰਨਾ ਪਸੰਦ ਨਹੀਂ ਹੈ ਜੋ ਮੈਂ ਹੁਣੇ ਬਣਾਈ ਹੈ। ਮੈਨੂੰ ਆਪਣੇ ਕੰਮ ‘ਤੇ ਮਾਣ ਹੈ ਅਤੇ ਮੈਨੂੰ ਕੰਕਰੀਟ ਵਿਛਾਉਣਾ ਦਾ ਕੰਮ ਪਸੰਦ ਹੈ। ਇਹ ਉਹ ਬਿੰਦੂ ਹੈ ਜਿੱਥੇ ਤੁਸੀਂ ਲੰਬੇ ਸਮੇਂ ਤੋਂ ਕੰਮ ਕਰ ਰਹੇ ਹੋਵੇ ਅਤੇ ਲੋਕ ਤੁਹਾਨੂੰ ਤੁਹਾਡੇ ਕੰਮ ਦਾ ਮਿਹਨਤਾਨਾ ਨਹੀਂ ਦੇਣਾ ਚਾਹੁੰਦੇ। ਫਿਰ ਤੁਸੀਂ ਕੀ ਕਰੋਗੇ?’’

ਜਵਾਬ ’ਚ ਵਿਓਲਾ ਦਾ ਕਹਿਣਾ ਹੈ ਕਿ ਉਸ ਨੂੰ ਮਨਪਸੰਦ ਦਾ ਕੰਮ ਨਹੀਂ ਮਿਲਿਆ ਅਤੇ ਸ਼ਿਕਾਇਤ ਕਰਨ ’ਤੇ ਧਮਕੀਆਂ ਵੀ ਦਿੱਤੀਆਂ ਗਈਆਂ। ਵਿਓਲਾ ਨੇ ਕਿਹਾ, ‘‘ਕੰਕਰੀਟ ’ਚ ਮੰਗ ਅਨੁਸਾਰ ਜਾਲੀ ਨਹੀਂ ਪਾਈ ਗਈ ਸੀ ਅਤੇ ਕੰਮ ਖ਼ਤਮ ਹੋਣ ਮਗਰੋਂ ਸਾਫ਼-ਸਫ਼ਾਈ ਕਰਨ ਲਈ ਵਾਧੂ ਪੈਸੇ ਮੰਗੇ ਗਏ। ਇਹੀ ਨਹੀਂ ਕ੍ਰੋ ਨੇ ਰਸੀਦ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਅਤੇ ਕੈਸ਼ ਅਦਾਇਗੀ ਦੀ ਮੰਗ ’ਤੇ ਅੜਿਆ ਰਿਹਾ।’’

ਪਿਛਲੇ ਸਾਲ ਵਾਪਰੀ ਇਸ ਘਟਨਾ ਦੇ ਨਤੀਜੇ ਵਜੋਂ ਵਿਓਲਾ ਅਤੇ ਉਸ ਦਾ ਪਰਿਵਾਰ ਅਜੇ ਤਕ ਟੁੱਟੇ ਕੰਕਰੀਟ ਦੇ ਨਾਲ ਰਹਿ ਰਹੇ ਸਨ, ਜਿਸ ਨੂੰ ਉਨ੍ਹਾਂ ਦੀ ਖੁਦ ਠੀਕ ਕਰਨ ਦੀ ਯੋਜਨਾ ਹੈ। ਇਸ ਘਟਨਾ ਨੇ ਸੋਸ਼ਲ ਮੀਡੀਆ ‘ਤੇ ਰਾਏ ਨੂੰ ਵੀ ਵੰਡ ਦਿੱਤਾ ਹੈ, ਕੁਝ ਨੇ ਵਿਓਲਾ ਦਾ ਪੱਖ ਲਿਆ ਹੈ ਅਤੇ ਕੰਮ ਵਿਚ ਕਥਿਤ ਗਲਤੀਆਂ ਵੱਲ ਇਸ਼ਾਰਾ ਕੀਤਾ ਹੈ, ਜਦੋਂ ਕਿ ਕੁਝ ਨੇ ਭੁਗਤਾਨ ਦੀ ਮੰਗ ਦੇ ਸਮੇਂ ‘ਤੇ ਸਵਾਲ ਚੁੱਕੇ ਹਨ ਅਤੇ ਕਿਹਾ ਹੈ ਕਿ ਭੁਗਤਾਨ ’ਚ ਕੁੱਝ ਸਮਾਂ ਲੱਗਣਾ ਜਾਇਜ਼ ਹੈ।

Leave a Comment