ਐਡੀਲੇਡ ’ਚ ਐਂਬੂਲੈਂਸ ਸੰਕਟ ਬਰਕਰਾਰ, 10 ਘੰਟਿਆਂ ਦੀ ਉਡੀਕ ਮਗਰੋਂ ਵਿਅਕਤੀ ਦੀ ਮੌਤ

ਮੈਲਬਰਨ: ਸਾਊਥ ਆਸਟ੍ਰੇਲੀਆ ’ਚ ਐਂਬੂਲੈਂਸ ਸੰਕਟ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਐਂਬੂਲੈਂਸ ਦੀ 10 ਘੰਟਿਆਂ ਤਕ ਉਡੀਕ ਕਰਦਿਆਂ 54 ਸਾਲ ਦੇ ਐਡੀ ਦੀ 27 ਦਸੰਬਰ ਨੂੰ ਮੌਤ ਹੋ ਗਈ। ਡਿਸਐਬਿਲਿਟ ਹੋਮ ’ਚ ਰਹਿਣ ਵਾਲੇ ਐਡੀ ਦੇ ਪੇਟ ’ਚ ਦਰਦ ਸੀ ਅਤੇ ਉਹ ਉਲਟੀਆਂ ਕਰ ਰਿਹਾ ਸੀ ਜਦੋਂ ਉਸ ਨੇ 000 ’ਤੇ ਕਾਲ ਕਰ ਕੇ ਐਂਬੂਲੈਂਸ ਸੱਦੀ ਸੀ। ਐਂਬੂਲੈਂਸ ਨੂੰ 1 ਘੰਟੇ ਅੰਦਰ ਉਸ ਤਕ ਪਹੁੰਚਣਾ ਚਾਹੀਦਾ ਸੀ ਪਰ ਉਸ ਰਾਤ ਹਸਪਤਾਲਾਂ ’ਚ ਬਹੁਤ ਜ਼ਿਆਦਾ ਕੇਸ ਹੋਣ ਕਾਰਨ ਕੋਈ ਐਂਬੂਲੈਂਸ ਖ਼ਾਲੀ ਨਹੀਂ ਸੀ। ਅਖ਼ੀਰ ਜਦੋਂ ਐਂਬੂਲੈਂਸ ਉਸ ਤਕ ਪੁੱਜੀ ਤਾਂ ਐਡੀ ਦੀ ਮੌਤ ਹੋ ਚੁੱਕੀ ਸੀ। ਟਵਿੱਟਰ ’ਤੇ ਉਸ ਰਾਤ ਪੋਸਟ ਇੱਕ ਵੀਡੀਓ ’ਚ ਦਿਸ ਰਿਹਾ ਹੈ ਕਿ 17 ਐਂਬੂਲੈਂਸਾਂ ਇੱਕ ਹਸਪਤਾਲ ਬਾਹਰ ਖੜ੍ਹੀਆਂ ਮਰੀਜ਼ਾਂ ਨੂੰ ਉਤਾਰਨ ਦੀ ਉਡੀਕ ਕਰ ਰਹੀਆਂ ਸਨ।

ਐਂਬੂਲੈਂਸ ਮੁਲਾਜ਼ਮ ਐਸੋਸੀਏਸ਼ਨ ਨੇ ਕਿਹਾ ਹੈ ਕਿ ਜੇਕਰ ਇਹੀ ਹਾਲਾਤ ਰਹੇ ਤਾਂ ਹੋਰ ਵਿਅਕਤੀਆਂ ਦੀਆਂ ਜਾਨਾਂ ਵੀ ਜਾ ਸਕਦੀਆਂ ਹਨ। ਵਿਰੋਧੀ ਧਿਰ ਦੇ ਨੇਤਾ ਡੇਵਿਡ ਸਪੀਅਰਜ਼ ਨੇ ਇਸ ਸੰਕਟ ਨੂੰ ਲੈ ਕੇ ਸਿਹਤ ਮੰਤਰੀ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਐਂਬੂਲੈਂਸ ਦਾ ਸਮੇਂ ਸਿਰ ਨਾ ਪਹੁੰਚਣਾ ਇਕ ਮਹੱਤਵਪੂਰਣ ਮੁੱਦਾ ਸੀ ਜਿਸ ਨੇ ਲੇਬਰ ਨੂੰ 2022 ਦੀਆਂ ਸਟੇਟ ਚੋਣਾਂ ਵਿਚ ਸੱਤਾ ਵਿਚ ਲਿਆਉਣ ਵਿਚ ਸਹਾਇਤਾ ਕੀਤੀ। ਮਲੀਨੌਸਕਾਸ ਸਰਕਾਰ ਨੇ ਸੰਕਟ ਨੂੰ ਠੀਕ ਕਰਨ ਲਈ ਹਸਪਤਾਲ ਦੀ ਸਮਰੱਥਾ ਵਧਾਉਣ ’ਤੇ ਲੱਖਾਂ ਡਾਲਰ ਖਰਚ ਕੀਤੇ ਹਨ, ਫਿਰ ਵੀ ਉਸ ਦੀ ਅਗਵਾਈ ਹੇਠ ਐਂਬੂਲੈਂਸ ਦੇ ਸਮੇਂ ਸਿਰ ਨਾ ਪਹੁੰਚਣ ਦੀਆਂ ਘਟਨਾਵਾਂ ’ਚ ਲਗਭਗ ਇਕ ਤਿਹਾਈ ਦਾ ਵਾਧਾ ਹੋਇਆ ਹੈ।

Leave a Comment